WORLD
ਇੰਜਣ ‘ਚ ਅੱਗ ਲੱਗਣ ਕਾਰਨ ਜਹਾਜ਼ ਦੇ ਕੈਬਿਨ ‘ਚ ਭਰਿਆ ਧੂੰਆਂ, 9 ਯਾਤਰੀਆਂ ਦੀ ਵਿਗੜੀ ਸਿਹਤ

ਸਿੰਗਾਪੁਰ,11 ਸਤੰਬਰ 2023: ਚੀਨੀ ਏਅਰਲਾਈਨ ‘ਏਅਰ ਚਾਈਨਾ’ ਦੇ ਇੱਕ ਜਹਾਜ਼ ਦੇ 9 ਯਾਤਰੀਆਂ ਦੀ ਸਿਹਤ ਉਦੋਂ ਵਿਗੜ ਗਈ ਜਦੋਂ ਇਸ ਦੇ ਇੰਜਣ ਵਿੱਚ ਅੱਗ ਲੱਗ ਗਈ ਅਤੇ ਇਸ ਦੇ ਕੈਬਿਨ ਵਿੱਚ ਧੂੰਆਂ ਭਰ ਗਿਆ। ਅਧਿਕਾਰੀਆਂ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਜਹਾਜ਼ ਨੂੰ ਬਾਹਰ ਕੱਢਿਆ। ਚਾਂਗੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਫੇਸਬੁੱਕ ‘ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਕਿਹਾ ਕਿ ਏਅਰ ਚਾਈਨਾ ਏਅਰਬੱਸ ਏ320 ਜਹਾਜ਼ ਵਿੱਚ ਕੁੱਲ 146 ਯਾਤਰੀ ਅਤੇ ਨੌਂ ਚਾਲਕ ਦਲ ਦੇ ਮੈਂਬਰ ਸਵਾਰ ਸਨ। ਓਥੇ ਹੀ ਉਨ੍ਹਾਂ ਦੱਸਿਆ ਕਿ ਜਹਾਜ਼ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਤੋਂ ਆ ਰਿਹਾ ਸੀ ਅਤੇ ਇਸ ਨੇ ਐਤਵਾਰ ਸ਼ਾਮ ਕਰੀਬ 4.15 ਵਜੇ ਚਾਂਗੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ।
ਅਧਿਕਾਰੀਆਂ ਮੁਤਾਬਕ ਜਹਾਜ਼ ‘ਚ ਸਵਾਰ ਨੌਂ ਯਾਤਰੀਆਂ ਨੂੰ ਕੈਬਿਨ ‘ਚ ਧੂੰਆਂ ਭਰਨ ਕਾਰਨ ਸਾਹ ਲੈਣ ‘ਚ ਦਿੱਕਤ ਆ ਰਹੀ ਸੀ ਅਤੇ ਬਾਹਰ ਕੱਢਣ ਦੌਰਾਨ ਮਾਮੂਲੀ ਝਰੀਟਾਂ ਆ ਗਿਆ ਹਨ । ਉਨ੍ਹਾਂ ਕਿਹਾ ਕਿ ਪਾਇਲਟ ਨੇ ਜਹਾਜ਼ ਦੇ ਕਾਰਗੋ ਹੋਲਡ (ਉਹ ਹਿੱਸਾ ਜਿੱਥੇ ਸਾਮਾਨ ਰੱਖਿਆ ਜਾਂਦਾ ਹੈ) ਅਤੇ ਟਾਇਲਟ ਵਿੱਚ ਧੂੰਆਂ ਉੱਠਣ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਕ ਯਾਤਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਧੂੰਏਂ ਕਾਰਨ ਕੈਬਿਨ ਦੀਆਂ ਲਾਈਟਾਂ ਲਿਮਟ ਗਈਆਂ ਅਤੇ ਕੁਝ ਯਾਤਰੀ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ, ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਬਰ ਰੱਖਣ ਅਤੇ ਆਪਣੀਆਂ ਸੀਟਾਂ ‘ਤੇ ਰਹਿਣ ਦੀ ਅਪੀਲ ਕੀਤੀ।
ਚੀਨੀ ਮੀਡੀਆ ‘ਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਜਹਾਜ਼ ਦੀ ਸਿੰਗਾਪੁਰ ‘ਚ ਐਮਰਜੈਂਸੀ ਲੈਂਡਿੰਗ ਕਰਨ ਤੋਂ ਬਾਅਦ ਇੰਜਣ ‘ਚ ਲੱਗੀ ਅੱਗ ਬੁਝ ਗਈ। ਏਅਰ ਚਾਈਨਾ ਨੇ ਸੋਮਵਾਰ ਸਵੇਰੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਇੰਜਣ ਵਿਚ ਤਕਨੀਕੀ ਖਰਾਬੀ ਕਾਰਨ ਅੱਗ ਲੱਗੀ।