Punjab
ਗਰਮੀ ਵਧਣ ਨਾਲ ਬਿਜਲੀ ਦੀ ਮੰਗ ‘ਚ ਭਾਰੀ ਵਾਧਾ, ਸੰਕਟ ਦਾ ਬਣਿਆ ਡਰ
ਪਟਿਆਲਾ 14ਅਗਸਤ 2023: ਵਧਦੀ ਗਰਮੀ ਅਤੇ ਹੁੰਮਸ ਨਾਲ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੇ 4 ਦਿਨਾਂ ‘ਚ ਬਿਜਲੀ ਦੀ ਮੰਗ 813 ਮੈਗਾਵਾਟ ਵਧੀ ਹੈ। 9 ਅਗਸਤ ਨੂੰ ਬਿਜਲੀ ਦੀ ਸਿਖਰ ਮੰਗ 14338 ਮੈਗਾਵਾਟ ਸੀ। ਸਰਕਾਰੀ ਛੁੱਟੀ ਤੋਂ ਬਾਅਦ ਐਤਵਾਰ ਨੂੰ ਬਿਜਲੀ ਦੀ ਮੰਗ 15,000 ਮੈਗਾਵਾਟ ਨੂੰ ਪਾਰ ਕਰ ਗਈ। ਬਿਜਲੀ ਦੀ ਮੰਗ ਵਧਣ ਨਾਲ ਪਾਵਰਕੌਮ ਦੀ ਚਿੰਤਾ ਵੀ ਵਧ ਗਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੂਬੇ ਦੇ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 2 ਯੂਨਿਟ (ਲਹਿਰਾ-ਵਨ ਅਤੇ ਜੀਵੀਕੇ-ਵਨ) ਬਿਜਲੀ ਪੈਦਾ ਕਰਨ ਦੇ ਸਮਰੱਥ ਨਹੀਂ ਹਨ।
ਵੀਰਵਾਰ ਸ਼ਾਮ 5 ਵਜੇ ਸਾਰੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ 5416 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪਾਵਰਕੌਮ ਦੇ ਮਾਹਿਰਾਂ ਅਨੁਸਾਰ ਜੇਕਰ ਮੰਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਸੂਬੇ ਵਿੱਚ ਸੰਕਟ ਪੈਦਾ ਹੋ ਜਾਵੇਗਾ। ਪੰਜਾਬ ਸਿਰਫ਼ 6600 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਅਜਿਹੇ ‘ਚ ਗਰਮੀ ਦੇ ਮੌਸਮ ‘ਚ 15000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰਨਾ ਇਕ ਚੁਣੌਤੀ ਹੈ। ਭਾਵ ਪੰਜਾਬ ਨੂੰ 8500 ਮੈਗਾਵਾਟ ਹੋਰ ਬਿਜਲੀ ਇਕੱਠੀ ਕਰਨੀ ਪਵੇਗੀ, ਤਾਂ ਹੀ ਸੂਬੇ ਦੀ ਬਿਜਲੀ ਸਪਲਾਈ ਸੰਭਵ ਹੋ ਸਕੇਗੀ। ਪੰਜਾਬ ਸਰਕਾਰ ਨੂੰ ਸੂਬੇ ਦੀ ਬਿਜਲੀ ਸਪਲਾਈ ਪੂਰੀ ਕਰਨ ਲਈ ਕੇਂਦਰ ਤੋਂ ਬਿਜਲੀ ਖਰੀਦਣੀ ਪੈ ਸਕਦੀ ਹੈ।