Punjab
31 ਲੱਖ ‘ਚ ਬਣੇਗਾ ਹਰੇਕ ਪੰਚਾਇਤ ਘਰ ,ਪਟਿਆਲਾ ਜ਼ਿਲ੍ਹੇ ‘ਚ 14 ਪੰਚਾਇਤ ਘਰ
ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਨਵੇਂ ਬਣ ਰਹੇ ਪੰਚਾਇਤ ਘਰ
ਪਟਿਆਲਾ ਜ਼ਿਲ੍ਹੇ ‘ਚ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਣ ਰਹੇ ਹਨ 14 ਪੰਚਾਇਤ ਘਰ
31 ਲੱਖ ਰੁਪਏ ਨਾਲ ਬਣਨ ਵਾਲੇ ਹਰੇਕ ਪੰਚਾਇਤ ਘਰਾਂ ‘ਚ 100 ਵਿਅਕਤੀਆਂ ਦੀ ਸਮਰੱਥਾ ਵਾਲਾ ਹਾਲ, ਇਕ ਕਮਰਾ, ਆਈ.ਟੀ. ਰੂਮ, ਰਸੋਈ ਤੇ ਬਾਥਰੂਮ ਉਪਲੱਭਦ
ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਨਵੇਂ ਬਣ ਰਹੇ ਪੰਚਾਇਤ ਘਰ
ਪਟਿਆਲਾ, 24 ਅਗਸਤ: ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੂੰ ਸਾਂਝੇ ਕੰਮਾਂ ਅਤੇ ਸਮਾਗਮਾਂ ਲਈ ਸਥਾਨ ਪ੍ਰਦਾਨ ਕਰਨ ਦੇ ਮਕਸਦ ਨਾਲ ਜ਼ਿਲ੍ਹੇ ‘ਚ 14 ਮਾਡਲ ਪੰਚਾਇਤ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਜ਼ਿਲ੍ਹੇ ‘ਚ 14 ਮਾਡਲ ਪੰਚਾਇਤ ਘਰ ਬਣਾਉਣ ਲਈ ਗਰਾਂਟ ਜਾਰੀ ਕੀਤੀ ਗਈ ਹੈ। ਜਿਸ ਤਹਿਤ ਨਾਭਾ ਖੇਤਰ ਦੇ ਪਿੰਡਾਂ ‘ਚ ਪੰਜ, ਘਨੌਰ ਖੇਤਰ ਦੇ ਪਿੰਡਾਂ ‘ਚ ਪੰਜ ਅਤੇ ਸਨੌਰ ਖੇਤਰ ਦੇ ਚਾਰ ਪਿੰਡਾਂ ‘ਚ ਆਧੁਨਿਕ ਸਹੂਲਤਾਂ ਵਾਲੇ ਪੰਚਾਇਤ ਘਰ ਬਣਾਏ ਜਾ ਰਹੇ ਹਨ, ਜਿਨ੍ਹਾਂ ‘ਚੋਂ 10 ‘ਤੇ ਕੰਮ ਵੀ ਚੱਲ ਰਿਹਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕਰੀਬ 31 ਲੱਖ ਰੁਪਏ ਨਾਲ ਬਣਨ ਵਾਲੇ ਹਰੇਕ ਪੰਚਾਇਤ ਘਰਾਂ ‘ਚ 100 ਵਿਅਕਤੀਆਂ ਦੀ ਸਮਰੱਥਾ ਵਾਲਾ ਹਾਲ, ਇਕ ਕਮਰਾ, ਆਈ.ਟੀ. ਰੂਮ, ਰਸੋਈ ਅਤੇ ਬਾਥਰੂਮ ਦੀ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਕਮਰੇ ਦੀ ਵਰਤੋਂ ਗਰਾਮ ਪੰਚਾਇਤ ਦੇ ਦਫ਼ਤਰ ਵਜੋਂ ਵੀ ਕੀਤੀ ਜਾ ਸਕੇਗੀ ਅਤੇ ਭਵਿੱਖ ਨੂੰ ਧਿਆਨ ‘ਚ ਰੱਖਦਿਆ ਪੰਚਾਇਤੀ ਕੰਮ ਦੇ ਲਈ ਇਕ ਕਮਰਾ ਆਈ.ਟੀ. ਰੂਮ ਵਜੋਂ ਬਣਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਪੰਚਾਇਤ ਘਰਾਂ ਵਾਲੇ ਪਿੰਡਾਂ ਦੇ ਵੇਰਵੇ ਦਿੰਦਿਆ ਦੱਸਿਆ ਨਾਭਾ ਵਿਖੇ ਪਿੰਡ ਥੂਹੀ, ਢੀਂਗੀ, ਭੋਜੋਮਾਜਰੀ, ਖੱਟੜਾ ਕਲੋਨੀ ਅਤੇ ਪਿੰਡ ਫ਼ਰੀਦਪੁਰ ਵਿਖੇ ਪੰਚਾਇਤ ਘਰ ਬਣਾਏ ਜਾ ਰਹੇ ਹਨ, ਇਸੇ ਤਰ੍ਹਾਂ ਘਨੌਰ ਵਿਖੇ ਪਿੰਡ ਲੋਹ ਸਿੰਬਲੀ, ਰਾਜਗੜ੍ਹ, ਤੇਪਲਾ, ਘਨੌਰੀ ਖੇੜਾ ਅਤੇ ਸੁਰੋ ‘ਚ ਮਾਡਲ ਪੰਚਾਇਤ ਘਰ ਬਣ ਰਹੇ ਹਨ। ਸਨੌਰ ‘ਚ ਪਿੰਡ ਮਸੀਗਣ, ਭੁਨਰਹੇੜੀ, ਦੌਣਕਲਾਂ ਅਤੇ ਨੌਗਾਵਾਂ ਵਿਖੇ ਨਵੇਂ ਪੰਚਾਇਤ ਘਰ ਬਣਾਏ ਜਾ ਰਹੇ ਹਨ।
Continue Reading