India
Elon Musk 50 ਲੱਖ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤ
ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਬੈਂਕ ਖਾਤਿਆਂ ਨੂੰ ਅਨਬਲੌਕ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਐਕਸ ਨੂੰ 50 ਲੱਖ ਡਾਲਰ (41 ਕਰੋੜ ਰੁਪਏ ਤੋਂ ਵੱਧ) ਦਾ ਜੁਰਮਾਨਾ ਭਰਨਾ ਹੋਵੇਗਾ। ਜੱਜ ਅਲੈਗਜ਼ੈਂਡਰ ਡੀ ਮੋਰੇਸ ਦੇ ਇਸ ਫੈਸਲੇ ਨੇ ਬ੍ਰਾਜ਼ੀਲ ਵਿਚ ਐਕਸ ਦੀ ਮੁਅੱਤਲੀ ਨੂੰ ਹਟਾਉਣ ਦਾ ਰਾਹ ਪੱਧਰਾ ਕਰ ਦਿਤਾ ਹੈ। ਦਰਅਸਲ, ਪ੍ਰੋਪੇਗੰਡੇ ਨੂੰ ਲੈ ਕੇ ਜੱਜ ਅਤੇ ਐਲੋਨ ਮਸਕ ਵਿਚਕਾਰ ਹੋਏ ਅੜਿੱਕੇ ਕਾਰਨ ਐਕਸ ਨੂੰ 31 ਅਗਸਤ ਤੋਂ ਇੱਥੇ ਪਾਬੰਦੀ ਲਾਈ ਗਈ ਸੀ।
ਐਲੋਨ ਮਸਕ ਨੇ ਸੱਜੇ-ਪੱਖੀ ਖਾਤਿਆਂ ਨੂੰ ਹਟਾਉਣ ਤੋਂ ਇਨਕਾਰ ਕਰਨ ਅਤੇ ਦੇਸ਼ ਵਿਚ ਇਕ ਨਵੇਂ ਕਾਨੂੰਨੀ ਪ੍ਰਤੀਨਿਧੀ ਦਾ ਨਾਮ ਦੇਣ ਵਿਚ ਅਸਫਲ ਰਹਿਣ ਤੋਂ ਬਾਅਦ ਮੋਰੇਸ ਨੇ ਐਕਸ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। ਅਪਣੇ ਨਵੇਂ ਆਦੇਸ਼ ਵਿੱਚ, ਜੱਜ ਮੋਰੇਸ ਨੇ ਬ੍ਰਾਜ਼ੀਲ ਦੇ ਸੈਂਟਰਲ ਬੈਂਕ ਐਕਸ ਨੂੰ ਬੈਂਕ ਖਾਤੇ ਨੂੰ ਅਨਬਲੌਕ ਕਰਨ ਲਈ ਕਿਹਾ ਤਾਂ ਜੋ ਜੁਰਮਾਨੇ ਦਾ ਭੁਗਤਾਨ ਕੀਤਾ ਜਾ ਸਕੇ। ਐਕਸ ਨੇ ਕਿਹਾ ਸੀ ਕਿ ਉਹ 5.2 ਮਿਲੀਅਨ ਡਾਲਰ (43 ਕਰੋੜ ਰੁਪਏ ਤੋਂ ਵੱਧ) ਦੇਣ ਲਈ ਤਿਆਰ ਹੈ। ਮਸਕ ਲਗਾਤਾਰ ਸੋਸ਼ਲ ਮੀਡੀਆ ਪੋਸਟਾਂ ’ਤੇ ਜੱਜ ਮੋਰੇਸ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਮੋਰੇਸ ਨੂੰ ਇਕ ‘ਦੁਸ਼ਟ ਤਾਨਾਸ਼ਾਹ’ ਦਸਿਆ ਅਤੇ ਹੈਰੀ ਪੌਟਰ ਲੜੀ ਦੇ ਖਲਨਾਇਕ ਵੋਲਡੇਮੋਰਟ ਦਾ ਨਾਮ ਦਿਤਾ।