Punjab
ਮਸ਼ਹੂਰ ਗਾਇਕ Yo-Yo ਹਨੀ ਸਿੰਘ ਦਾ ਚੰਡੀਗੜ੍ਹ ‘ਚ ਸ਼ੋਅ

YO YO HONEY SINGH : ਮਸ਼ਹੂਰ ਗਾਇਕ ਹਨੀ ਸਿੰਘ ਐਤਵਾਰ ਯਾਨੀ ਅੱਜ ਚੰਡੀਗੜ੍ਹ ਆ ਰਹੇ ਹਨ। ਜੀ ਹਾਂ ਐਤਵਾਰ ਦੀ ਸ਼ਾਮ yo yo ਹਨੀ ਸਿੰਘ ਦੇ ਨਾਮ ਹੋਵੇਗੀ।
ਗਾਇਕ ਹਨੀ ਸਿੰਘ ਦਾ ਸ਼ੋਅ ਐਤਵਾਰ ਰਾਤ ਨੂੰ ਹੋਵੇਗਾ। ਇਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਇੱਥੇ ਸ਼ਰਾਬ ਪਰੋਸਣ ਲਈ ਲਾਇਸੈਂਸ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਸ਼ੋਅ ਸੈਕਟਰ 34 ਵਿੱਚ ਹੋਇਆ ਸੀ, ਜਿਸ ਲਈ ਪ੍ਰਸ਼ਾਸਨ ਵੱਲੋਂ ਲਾਇਸੈਂਸ ਨਹੀਂ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਇਸ ਸ਼ੋਅ ਲਈ 5 ਲੱਖ ਰੁਪਏ ਪ੍ਰਤੀ ਦਿਨ ਦੀ ਦਰ ਨਾਲ ਮੈਦਾਨ ਦੀ ਬੁਕਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ੋਅ ਲਈ ਗਰਾਊਂਡ ਬੁਕਿੰਗ 22 ਤੋਂ 24 ਮਾਰਚ ਤੱਕ ਕੀਤੀ ਗਈ ਹੈ। ਹੁਣ ਤੱਕ ਸੈਕਟਰ-25 ਦੇ ਇਸ ਮੈਦਾਨ ਵਿੱਚ ਸਿਰਫ਼ ਪ੍ਰਦਰਸ਼ਨ ਅਤੇ ਰੈਲੀਆਂ ਹੀ ਹੁੰਦੀਆਂ ਸਨ, ਪਰ ਹੁਣ ਉੱਥੇ ਗਾਇਕਾਂ ਦੇ ਸੰਗੀਤ ਸ਼ੋਅ ਹੋਣਗੇ। ਸ਼ੋਅ ਲਈ ਆਨਲਾਈਨ ਟਿਕਟਾਂ ਬੁੱਕ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਸ਼ੋਅ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਹੁੰਦੇ ਸਨ। ਪਰ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸ਼ਾਸਨ ਨੇ ਹੁਣ ਫੈਸਲਾ ਕੀਤਾ ਹੈ ਕਿ ਜੋ ਵੀ ਸੱਭਿਆਚਾਰਕ ਸ਼ੋਅ ਹੋਣਗੇ, ਉਹ ਸਿਰਫ਼ ਸੈਕਟਰ-25 ਵਿੱਚ ਹੀ ਹੋਣਗੇ।
ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਕੀਤੀ ਜਾਰੀ…
ਹਨੀ ਸਿੰਘ ਦਾ ਸ਼ੋਅ ਦੇਖਣ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਲਗਭਗ ਪੰਜ ਕਿਲੋਮੀਟਰ ਦੂਰ ਪਾਰਕ ਕਰਨੇ ਪੈਣਗੇ। ਟ੍ਰੈਫਿਕ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ। ਹਨੀ ਸਿੰਘ ਦੇ ਸੰਗੀਤ ਸਮਾਰੋਹ ਲਈ, ਸੈਕਟਰ-17 ਦੀ ਮਲਟੀ-ਲੈਵਲ ਪਾਰਕਿੰਗ ਅਤੇ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੋਂ, ਲੋਕਾਂ ਲਈ ਇੱਕ ਸ਼ਟਲ ਬੱਸ ਸੇਵਾ ਹੋਵੇਗੀ ਜਿਸ ਵਿੱਚ ਉਹ ਸੈਕਟਰ-25 ਰੈਲੀ ਗਰਾਊਂਡ ਤੱਕ ਪਹੁੰਚ ਸਕਣਗੇ।