Punjab
ਪੰਜਾਬ ਦੇ ਕਿਸਾਨ ਅਰਦਾਸ ਕਰ ਦਿੱਲੀ ਵੱਲ ਲੱਗੇ ਵਧਣ , ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਸੱਤਾ ਸਿੰਘ ਕੋਟਲਾ ਦੀਆਂ ਹਦਾਇਤਾਂ ’ਤੇ ਜ਼ੋਨ ਪ੍ਰਧਾਨ ਕੁਲਜੀਤ ਸਿੰਘ ਘੱਨੂੰਪੁਰ ਦੀ ਪ੍ਰਧਾਨਗੀ ਹੇਠ ਟਰੈਕਟਰ ਟਰਾਲੀਆਂ ਸਮੇਤ ਇੱਕ ਕਾਫ਼ਲਾ ਦਿੱਲੀ ਲਈ ਰਵਾਨਾ ਹੋ ਗਿਆ ਹੈ । ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਕਿਸਾਨਾਂ ਦਾ ਇਹ ਪਹਿਲਾ ਜੱਥਾ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਪਹੁੰਚੇਗਾ ਅਤੇ ਉੱਥੇ ਮੀਟਿੰਗ ਵਿੱਚ ਹਿੱਸਾ ਲਵੇਗਾ। ਇਸ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ।
ਜ਼ੋਨ ਪ੍ਰਧਾਨ ਕੁਲਜੀਤ ਸਿੰਘ ਘੰਨੂਪੁਰ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਵੀ ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਭਰੋਸੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ, ਦਿੱਲੀ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
ਅਸੀਂ ਦਿੱਲੀ ਕੂਚ ਬਿਆਸ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਵਿਖੇ ਰੁਕਾਂਗੇ। ਸਾਡੀਆਂ ਮੰਗਾਂ ਇੱਕੋ ਜਿਹੀਆਂ ਹਨ। ਕਿਸਾਨ ਨੂੰ 60 ਸਾਲ ਦੇ ਹੋਣ ‘ਤੇ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਹ ਮੰਦਭਾਗਾ ਹੈ ਕਿ ਭਾਰਤੀ ਕਿਸਾਨ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ। ਅਸੀਂ ਦੇਸ਼ ਵਿਰੋਧੀ ਨਹੀਂ ਹਾਂ, ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ… ਸਾਡੀਆਂ ਮੰਗਾਂ 75 ਸਾਲਾਂ ਤੋਂ ਨਹੀਂ ਸੁਣੀਆਂ ਗਈਆਂ… ਅਸੀਂ ਸ਼ਾਂਤੀ ਨਾਲ ਅੱਗੇ ਵਧਾਂਗੇ ਅਤੇ ਸਾਡਾ ਮਕਸਦ ਹੈ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਸੁਣੇ।