Politics
ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਮੋਰਚੇ ਨੇ ਹਲਾਈ ਦਿੱਲੀ
ਦਿੱਲੀ ਚੱਲੋ ਦੇ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਪੁਲਿਸ ਦਾ ਸਾਹਮਣਾ ਕਰਦੀਆਂ ਅੱਗੇ ਵੱਧ ਰਹੀਆਂ ਹਨ,ਕਿਸਾਨਾਂ ਵਿੱਚ ਦਿਸ ਰਿਹਾ ਆਕ੍ਰੋਸ਼
26 ਨਵੰਬਰ,ਖਨੌਰੀ ਬਾਰਡਰ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਫਰਸ਼ਾਂ ਤੋਂ ਅਰਸ਼ਾਂ ਤੱਕ ਚਲਾ ਗਿਆ ਹੈ। ਪੰਜਾਬ ਦੇ ਕਿਸਾਨਾਂ ਦੀ ਲਹਿਰ ਨੇ ਪੂਰੇ ਭਾਰਤ ਦੇ ਕਿਸਾਨਾਂ ਵਿੱਚ ਜੋਸ਼ ਭਰ ਦਿੱਤਾ ਹੈ। ਹਰਿਆਣਾ ਦੇ ਕਿਸਾਨਾਂ ਨੇ ਵੀ ਝੰਡਾ ਉੱਚਾ ਕੀਤਾ। 26-27 ਨਵੰਬਰ ਨੂੰ ਦਿੱਲੀ ਚੱਲੋ ਕਿਸਾਨਾਂ ਦੀ ਆਵਾਜ਼ ਸੀ ਅਤੇ ਇਹ ਆਵਾਜ਼ ਹੁਣ ਅਸਮਾਨਾਂ ਵਿੱਚ ਗੂੰਜ ਰਹੀ ਹੈ।
ਸ਼ੰਭੂ ਦੇ ਮਾਰਚੇ ਦੇ ਬਾਅਦ ਹੁਣ ਕਿਸਾਨਾਂ ਦਾ ਵੱਡਾ ਮੋਰਚਾ ਲੱਗਿਆ ਹੈ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ,ਜਿੱਥੇ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਦੀਆਂ ਅੜਚਨਾਂ,ਪੁਲਿਸ ਦੁਆਰਾ ਲਗਾਈਆਂ ਰੁਕਾਵਟਾਂ ਵੀ ਰੋਕ ਨਹੀਂ ਪਾ ਰਹੀਆਂ ਹਨ। ਪੁਲਿਸ ਦੁਆਰਾ ਲਗਾਏ ਗਏ ਬੈਰੀਗੇਡ ਕਿਸਾਨਾਂ ਨੇ ਪਾਸੇ ਕਰਕੇ ਅੱਗੇ ਵਧੇ,ਹਰਿਆਣਾ ਸਰਕਾਰ ਦੁਆਰਾ ਮਿੱਟੀ ਪਾ ਕੇ ਦਿੱਲੀ ਜਾਣ ਦਾ ਜੋ ਰਾਹ ਬੰਦ ਕੀਤਾ ਸੀ ਉਸ ਮਿੱਟੀ ਨੂੰ ਕਿਸਾਨਾਂ ਨੇ ਹੱਥਾਂ ਨਾਲ ਹੀ ਪਾਸੇ ਕਰ ਦਿੱਤਾ ਹੈ। ਪਾਣੀ ਦੀਆਂ ਬੌਸ਼ਾਰਾਂ ਅਤੇ ਕੰਡਿਆਲੀ ਤਾਰਾਂ ਕਿਸਾਨਾਂ ਨੂੰ ਰੋਕ ਨਹੀਂ ਪਾ ਰਹੀਆਂ। ਇਸ ਲਹਿਰ ,ਇਸ ਰੋਹ ਨੂੰ ਰੋਕਣ ਲਈ ਸਰਕਾਰ ਦਾ ਹਰ ਹੱਥਕੰਡਾ ਫੇਲ੍ਹ ਹੋ ਰਿਹਾ ਹੈ ਅਤੇ ਕਿਸਾਨ ਆਪਣੇ ਜੋਸ਼ ‘ਚ ਲਗਾਤਾਰ ਅੱਗੇ ਵੱਧ ਰਹੇ ਹਨ।
ਕਿਸਾਨਾਂ ਨੇ ਹਰਿਆਣਾ ਸਰਕਾਰ ਤੇ ਪੁਲਿਸ ਨੂੰ ਕਿਹਾ ਕਿ ਸਾਨੂੰ ਅੱਗੇ ਦਿੱਲੀ ਵੱਲ ਵੱਧਣ ਦਿੱਤਾ ਜਾਵੇ,ਸਾਡਾ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਚੱਲੇਗਾ ਅਸੀਂ ਦਿੱਲੀ ਜਾ ਕੇ ਪੱਕਾ ਧਰਨਾ ਲਾਵਾਂਗੇ,ਉਦੋਂ ਤੱਕ ਜਦੋਂ ਤੱਕ ਸਰਕਾਰ ਇਹ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ।
ਨਾਰੇਲਾ ਬਾਰਡਰ ‘ਤੇ ਵੀ ਪੁਲਿਸ ਦੁਆਰਾ ਲਗਾਈਆਂ ਤਾਰਾਂ ਨੇ ਪਾਕਿਸਤਾਨ-ਹਿੰਦੁਸਤਾਨ ਬਾਰਡਰ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ। ਪਰ ਇਸ ਲਹਿਰ ਨੂੰ ਰੋਕਣਾ ਔਖਾ ਲੱਗ ਰਿਹਾ ਹੈ।
ਇਸ ਸਮੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਪੰਜਾਬੀ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹਨ ਕੰਵਰ ਗਰੇਵਾਲ ਤੇ ਹਰਫ਼ ਚੀਮਾਂ ਨੇ ਆਪਣੇ ਗੀਤਾਂ ਰਾਹੀਂ ਕਿਸਾਨਾਂ ਨੌਜਵਾਨਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ ਹੈ।
ਪੰਜਾਬ ਦੀਆਂ ਮਾਵਾਂ ਧੀਆਂ ਵਿੱਚ ਇਸ ਸਮੇਂ ਪੂਰਾ ਜੋਸ਼ ਹੈ ਉਹ ਹੱਥਾਂ ਵਿੱਚ ਝੰਡੇ ਫੜ ਸੜਕਾਂ ‘ਤੇ ਹਨ,ਇਸ ਲਹਿਰ ਵਿੱਚ ਸ਼ਾਮਿਲ ਹੋਪ ਕੇ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਮਾਈ ਭਾਗੋ ਦੀਆਂ ਵਾਰਿਸ ਹਨ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਦਾ ਪ੍ਰਭਾਵ ਕਾਫੀ ਦੇਖਣ ਨੂੰ ਮਿਲ ਰਿਹਾ ਹੈ।
Continue Reading
