Connect with us

National

ਪੰਜਾਬ ਦੇ ਸਾਬਕਾ CM ਚੰਨੀ ਆਪਣੇ ਬਿਆਨ ਕਾਰਨ ਕਸੂਤੇ ਫਸੇ, BJP ਨੇ ਕਰ ਲਈ ਘੇਰਾਬੰਦੀ

Published

on

ਜੰਮੂ-ਕਸ਼ਮੀਰ ਦੇ ਪੁੰਛ ‘ਚ ਸ਼ਨੀਵਾਰ 5 ਮਈ ਦੀ ਸ਼ਾਮ ਨੂੰ ਹਵਾਈ ਫੌਜ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ‘ਚ ਇੱਕ ਜਵਾਨ ਦੀ ਮੌਤ ਹੋ ਗਈ।

ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੰਮੂ ਕਸ਼ਮੀਰ ਦੇ ਪੁੰਛ ‘ਚ ਹਵਾਈ ਫ਼ੌਜ ’ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਵਿਵਾਦਿਤ ਬਿਆਨ ਦਿੱਤਾ ਹੈ|

ਚੰਨੀ ਨੇ ਕਿਹਾ, ‘‘ਪੁੰਛ ਹਮਲਾ ਭਾਜਪਾ ਦਾ ਸਟੰਟ ਹੈ| ਕੇਂਦਰ ਸਰਕਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ।’’
ਚੰਨੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ।

BJP ਦਾ ਚੰਨੀ ਨੂੰ ਜਵਾਬ – ‘ਸ਼ਰਮਨਾਕ ਬਿਆਨ’

ਉਧਰ ਭਾਜਪਾ ਨੇ ਚੰਨੀ ਦੇ ਬਿਆਨ ਨੂੰ ਸ਼ਰਮਨਾਕ ਬਿਆਨ ਦੱਸਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਨੀ ਦੀ ਇਸ ਟਿੱਪਣੀ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ।
ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X/Twitter) ‘ਤੇ ਪੋਸਟ ਕਰਕੇ ਕਿਹਾ ‘’ਚੰਨੀ ਵੱਲੋਂ ਸਾਡੇ ਬਹਾਦਰ ਫੌਜੀਆਂ ਦੀ ਬਹਾਦਰੀ ਨੂੰ ਨਿੰਦਣ ਵਾਲਾ ਘਿਨੌਣਾ ਬਿਆਨ ਕਿਸੇ ਅਪਰਾਧ ਤੋਂ ਘੱਟ ਨਹੀਂ ਅਤੇ ਦੇਸ਼ ਦਾ ਅਪਮਾਨ ਹੈ।’’

ਉਨ੍ਹਾਂ ਅੱਗੇ ਕਿਹਾ ਕਿ ਪੁੰਛ ਵਿੱਚ ਸਾਡੇ ਹਵਾਈ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ‘ਤੇ ਚੰਨੀ ਦਾ ਸ਼ਰਮਨਾਕ ਬਿਆਨ ਚੰਨੀ ਦੇ ਦੀਵਾਲੀਆਪਨ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ।
ਸੁਨੀਲ ਜਾਖੜ ਨੇ ਇਸ ਬਾਰੇ ਹੋਰ ਕਿਹਾ, ‘‘ਕੌਮ ਚੰਨੀ ਨੂੰ ਮੁਆਫ਼ ਨਹੀਂ ਕਰੇਗੀ। ਚੰਨੀ ਦੇ ਇਸ ਵਿਵਾਦਿਤ ਬਿਆਨ ‘ਤੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਮੁੱਦੇ ‘ਤੇ ਸਫਾਈ ਦੇਣੀ ਚਾਹੀਦੀ ਹੈ।’’

‘‘ਉਨ੍ਹਾਂ ਨੂੰ ਜਨਤਕ ਤੌਰ ‘ਤੇ ਚੰਨੀ ਦੇ ਬਿਆਨ ਤੋਂ ਵੱਖ ਹੋਣਾ ਚਾਹੀਦਾ ਹੈ ਅਤੇ ਤੁਰੰਤ ਕੌਮ ਤੋਂ ਮੁਆਫੀ ਮੰਗਣ ਲਈ ਕਹਿਣਾ ਚਾਹੀਦਾ ਹੈ।’’

ਉਧਰ ਇਸੇ ਮਾਮਲੇ ਉੱਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਲੀਡਰਸ਼ਿਪ ਨੂੰ ਫੌਜੀਆਂ ਦਾ ਅਪਮਾਨ ਕਰਨ ਲਈ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣ ਲਈ ਕਿਹਾ|
ਉਨ੍ਹਾਂ ਅੱਗੇ ਕਿਹਾ, ‘‘ਕੀ ਇਹ ਚੋਣਾਂ ਜਿੱਤਣ ਲਈ ਫੌਜੀਆਂ ਦਾ ਅਪਮਾਨ ਕਰੇਗੀ? ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਨੂੰ ਚੰਨੀ ਦੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।’’