Technology
ਅਣਚਾਹੀ ਕਾਲ ਤੇ sms ਤੋਂ ਹੁਣ ਮਿਲੇਗਾ ਛੁਟਕਾਰਾ,ਜਾਣੋ ਕਿੰਨਾ ਲੱਗੇਗਾ ਜੁਰਮਾਨਾ
ਦੂਰਸੰਚਾਰ ਵਿਭਾਗ ਗਾਹਕ ਬਣਾਉਣ ਆਦਿ ਲਈ ਵਾਰ-ਵਾਰ ਆਉਣ ਵਾਲੀ ਅਣਚਾਹੀ ਫੋਨ ਕਾਲ ’ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਇਸ ਤਹਿਤ 50 ਉਲੰਘਣਾਂ ਤੋਂ ਬਾਅਦ ਅਜਿਹੀ ਕਾਲ ਕਰਨ ਵਾਲੇ ’ਤੇ ਹਰ ਕਾਲ, ਐੱਸ.ਐੱਮ.ਐੱਸ ’ਤੇ 10,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਇਕ ਅਧਿਕਾਰਤ ਸਰੋਤ ਨੇ ਇਹ ਜਾਣਕਾਰੀ ਦਿੱਤੀ। ਡੀ.ਓ.ਟੀ ਨੇ ਜੁਰਮਾਨੇ ਦੇ ਸਲੈਬ ਨੂੰ ਘਟਾਉਂਦੇ ਹੋਏ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪ੍ਰਸਤਾਵ ਤਹਿਤ 0 ਤੋਂ 10 ਉਲੰਘਣਾਂ ਲਈ ਪ੍ਰਤੀ ਉਲੰਘਣ 1,000 ਰੁਪਏ, 10 ਤੋਂ 50 ਉਲੰਘਣਾਂ ਲਈ ਪ੍ਰਤੀ ਉਲੰਘਣ 5,000 ਰੁਪਏ ਅਤੇ 50 ਤੋਂ ਜ਼ਿਆਦਾ ਵਾਰ ਉਲੰਘਣ ਕਰਨ ’ਤੇ ਪ੍ਰਤੀ ਉਲੰਘਣ 10,000 ਰੁਪਏ ਦਾ ਜੁਰਮਾਨਾ ਲਗਾਉਣ ਦੀ ਵਿਵਸਥਾ ਹੈ। ਫੋਨ ’ਤੇ ਵਪਾਰਕ ਸੰਚਾਰ ’ਚ ਗਾਹਕ ਹਵਾਲਾ ਮੈਨੂਅਲ 2018 ਤਹਿਤ ਜੁਰਮਾਨੇ ਦੇ ਸਲੈਬ 0 ਤੋਂ 100, 100 ਤੋਂ 1,000 ਅਤੇ 10,000 ਰੱਖੇ ਗਏ ਹਨ।
ਇਸ ਤੋਂ ਇਲਾਵਾ ਡੀ.ਓ.ਟੀ. ਦੀ ਡਿਜੀਟਲ ਖੂਫੀਆ ਇਕਾਈ ਉਪਕਰਣ ਦੇ ਪੱਧਰ ’ਤੇ ਵੀ ਉਲੰਘਣਾਂ ਦੀ ਜਾਂਚ ਕਰੇਗੀ। ਡੀ.ਆਈ.ਯੂ. ’ਚ ਸਾਰੇ ਨੰਬਰ ਡਿਸਕੁਨੈਕਟ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨਾਲ ਜੁੜੇ ਆਈ.ਐੱਮ.ਈ.ਆਈ ਨੂੰ ਸ਼ੱਕੀ ਸੂਚੀ ’ਚ ਪਾ ਦਿੱਤਾ ਜਾਵੇਗਾ। ਸ਼ੱਕੀ ਸੂਚੀ ’ਚ ਸ਼ਾਮਲ ਆਈ.ਐੱਮ.ਈ.ਆਈ. ਲਈ 30 ਦਿਨਾਂ ਦੀ ਮਿਆਦ ਖ਼ਾਤਰ ਕਿਸੇ ਵੀ ਕਾਲ, ਐੱਸ.ਐੱਮ.ਐੱਸ. ਜਾਂ ਡਾਟਾ ਦੀ ਮਨਜ਼ੂਰੀ ਨਹੀਂ ਹੋਵੇਗੀ। ਸ਼ੱਕੀ ਸੂਚੀ ’ਚ ਦਰਜ ਆਈ.ਐੱਮ.ਈ.ਆਈ. ਨੰਬਰ ਵਾਲੇ ਉਪਕਰਣ ਦਾ ਕਰਕੇ ਨਵੇਂ ਕੁਨੈਕਸ਼ਨ ਤੋਂ ਪਰੇਸ਼ਾਨ ਕਰਨ ਵਾਲੇ ਕਾਲਰ ਦੁਆਰਾ ਕੀਤੀ ਜਾਣ ਵਾਲੀ ਕਿਸੇ ਵੀ ਕਾਲ, ਐੱਸ.ਐੱਮ.ਐੱਸ. ਜਾਂ ਡਾਟਾ ਦੀ ਦੁਬਾਰਾ ਤਸਦੀਕ ਕਰਨ ਲਈ ਕਿਹਾ ਜਾਵੇਗਾ।