Technology
80 ਆਕਸੀਜਨ ਪਲਾਂਟ ਲਾਉਣ ਲਈ ਗੂਗਲ ਵੱਲੋਂ 113 ਕਰੋੜ ਰੁ: ਦੇਣ ਦੀ ਘੋਸ਼ਣਾ

ਤਕਨਾਲੋਜੀ ਖੇਤਰ ਦੀ ਪ੍ਰਮੁੱਖ ਕੰਪਨੀ ਗੂਗਲ ਨੇ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਭਾਰਤ ਵਿਚ 80 ਆਕਸੀਜਨ ਪਲਾਂਟ ਲਾਉਣ ਲਈ 113 ਕਰੋੜ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਗੂਗਲ ਡਾਟ ਆਰਗ ਇਸ ਘੋਸ਼ਣਾ ਤਹਿਤ 80 ਆਕਸਜੀਨ ਪਲਾਂਟਾਂ ਦੀ ਸਥਾਪਨਾ ਲਈ ਗਿਵਇੰਡੀਆ ਨੂੰ ਤਕਰੀਬਨ 80 ਕਰੋੜ ਰੁਪਏ ਤੇ ਪਾਥ ਨੂੰ ਤਕਰੀਬਨ 18.5 ਕਰੋੜ ਰੁਪਏ ਦੇਵੇਗੀ। ਇਸ ਦੇ ਨਾਲ ਹੀ ਗ੍ਰਾਮੀਣ ਸਿਹਤ ਪ੍ਰਣਾਲੀਆਂ ਨੂੰ ਮਜਬੂਤ ਕਰਨ ਲਈ ਅਪੋਲੋ ਮੈਡਸਕਿਲਸ ਜ਼ਰੀਏ ਕੋਵਿਡ-19 ਪ੍ਰਬੰਧਨ ਵਿਚ 20,000 ਮੋਹਰੀ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਲਈ ਗੂਗਲ ਡਾਟ ਆਰਗ ਭਾਰਤ ਦੇ 15 ਸੂਬਿਆਂ ਵਿਚ 1,80,000 ਆਸ਼ਾ ਵਰਕਰਾਂ ਅਤੇ 40,000 ਏ. ਐੱਨ. ਐੱਮ. ਦੇ ਕੌਸ਼ਲ ਵਿਕਾਸ ਲਈ 3.6 ਕਰੋੜ ਰੁਪਏ ਅਰਮਾਨ ਨੂੰ ਦੇਵੇਗੀ। ਅਰਮਾਨ ਇਸ ਪੈਸੇ ਦੇ ਇਸਤੇਮਾਲ ਨਾਲ ਆਸ਼ਾ ਅਤੇ ਏ. ਐੱਨ. ਐੱਮ. ਨੂੰ ਵਾਧੂ ਸਹਾਇਤਾ ਤੇ ਸਲਾਹ ਦੇਣ ਲਈ ਕਾਲ ਸੈਂਟਰ ਦੀ ਸਥਾਪਨਾ ਵੀ ਕਰੇਗਾ। ਗੂਗਲ ਇੰਡੀਆ ਦੇ ਕੰਟਰੀ ਹੈੱਡ ਤੇ ਉਪ ਮੁਖੀ ਸੰਜੈ ਗੁਪਤਾ ਨੇ ਕਿਹਾ, ”ਗੂਗਲ ਵਿਚ ਅਸੀਂ ਇਸ ਗੱਲ ‘ਤੇ ਧਿਆਨ ਦਿੱਤਾ ਕਿ ਲੋਕਾਂ ਕੋਲ ਸੁਰੱਖਿਅਤ ਰਹਿਣ ਲਈ ਜ਼ਰੂਰੀ ਜਾਣਕਾਰੀ ਅਤੇ ਉਪਕਰਣ ਹੋਣ।”