Connect with us

Punjab

ਤਰਨਤਾਰਨ ਜ਼ਿਮਨੀ ਚੋਣ – ‘ਆਪ’ ਜਾਂ ਬਾਦਲ ਦਲ ਮਾਰੇਗਾ ਬਾਜ਼ੀ !

Published

on

ਤਰਨਤਾਰਨ ਦੀ ਜ਼ਿਮਨੀ ਚੋਣ, ਜੋ 11 ਨਵੰਬਰ ਨੂੰ ਹੋਈ, ਹੁਣ ਨਤੀਜਿਆਂ ਦੇ ਮੁਕਾਮ ‘ਤੇ ਖੜੀ ਹੈ। 14 ਨਵੰਬਰ ਨੂੰ ਇਹ ਸਾਫ ਹੋ ਜਾਵੇਗਾ ਕਿ ਤਰਨਤਾਰਨ ਦੀ ਜਨਤਾ ਨੇ ਕਿਸ ਉਮੀਦਵਾਰ ਦੇ ਸਿਰ ਤੇ ਜਿੱਤ ਦਾ ਤਾਜ ਪਵਾਇਆ ਹੈ। ਚੋਣ ਮੈਦਾਨ ਵਿੱਚ ਕੁੱਲ 15 ਉਮੀਦਵਾਰ ਸਨ ਪਰ ਮੁੱਖ ਟੱਕਰ ਸਿਰਫ਼ ਪੰਜ ਚਿਹਰਿਆਂ ਵਿਚਾਲੇ ਰਹੀ — ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ, ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਵਾਰਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਅਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ।

ਸਥਾਨਕ ਪੱਤਰਕਾਰਾਂ ਤੇ ਸਿਆਸੀ ਵਿਸ਼ਲੇਸ਼ਕਾਂ ਦੇ ਅਨੁਸਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਵਿਚਾਲੇ ਹੋਵੇਗਾ। ਤਰਨਤਾਰਨ ਦੀ ਗਲੀ-ਗਲੀ ‘ਚ ਇਹ ਚਰਚਾ ਹੈ ਕਿ ਚੋਣ ਦਾ ਰੁਖ ਕਿਸੇ ਵੀ ਪਾਸੇ ਮੁੜ ਸਕਦਾ ਹੈ — ਬਾਜ਼ੀ ਕਾਫ਼ੀ ਨਜ਼ਦੀਕੀ ਲੱਗ ਰਹੀ ਹੈ। ਕੁੱਝ ਲੋਕਾਂ ਵੱਲੋਂ ਤਾਂ ਇਹ ਤੱਕ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਬਾਦਲ ਦਲ ਬਾਜ਼ੀ ਮਾਰ ਸਕਦਾ ਹੈ, ਜਦਕਿ ਹੋਰ ਮਾਹਿਰ ਇਸ ਗੱਲ ਨੂੰ ਮੰਨ ਰਹੇ ਹਨ ਕਿ ਮੌਜੂਦਾ ਸਰਕਾਰ ਦੇ ਪ੍ਰਭਾਵ ਕਾਰਨ ਆਮ ਆਦਮੀ ਪਾਰਟੀ ਨੂੰ ਵੀ ਚੰਗੀਆਂ ਵੋਟਾਂ ਪਈਆਂ ਹਨ।

ਇਹ ਵੀ ਵਰਨਣਯੋਗ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਸਿੱਧੇ ਤੌਰ ‘ਤੇ ਚੋਣ ਨਹੀਂ ਲੜਿਆ ਪਰ ਉਸ ਨੇ ਵਾਰਸ ਪੰਜਾਬ ਦੇ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਸੀ। ਮਨਦੀਪ ਸਿੰਘ ਉਹੀ ਸਨਦੀਪ ਸਿੰਘ ਸਨੀ ਦਾ ਭਰਾ ਹੈ ਜਿਸਨੇ ਸੂਰੀ ਦਾ ਕਤਲ ਕੀਤਾ ਸੀ ਅਤੇ ਫਿਰ ਜੇਲ੍ਹ ਵਿੱਚ ਰਹਿੰਦੇ ਹੋਏ ਇੰਸਪੈਕਟਰ ਸੂਬਾ ਸਿੰਘ ਨੂੰ ਵੀ ਮਾਰ ਦਿੱਤਾ ਸੀ। ਕਿਉਂਕਿ ਸੂਬਾ ਸਿੰਘ ਉੱਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ ਸਾਬਤ ਹੋਏ ਸਨ, ਇਸ ਕਰਕੇ ਮਨਦੀਪ ਸਿੰਘ ਨੂੰ ਕਈ ਨੌਜਵਾਨਾਂ ਦਾ ਸਮਰਥਨ ਮਿਲਿਆ ਹੈ। ਇਸ ਕਾਰਨ ਉਸਦੀ ਵੋਟ ਬੈਂਕ ਵਿੱਚ ਵੀ ਕਾਫ਼ੀ ਵਾਧਾ ਦੇਖਿਆ ਗਿਆ ਹੈ।
ਆਮ ਤੌਰ ‘ਤੇ ਜ਼ਿਮਨੀ ਚੋਣਾਂ ਵਿੱਚ ਸਾਸ਼ਕ ਪਾਰਟੀ ਨੂੰ ਹੀ ਫ਼ਾਇਦਾ ਹੁੰਦਾ ਹੈ ਕਿਉਂਕਿ ਪੰਚਾਇਤਾਂ ਅਤੇ ਨਗਰ ਕੌਂਸਲਾਂ ਉੱਤੇ ਉਸਦਾ ਪ੍ਰਭਾਵ ਹੁੰਦਾ ਹੈ ਤੇ ਕਈ ਵਾਰ ਸਰਕਾਰੀ ਮਸੀਨਰੀ ਦਾ ਵੀ ਦੁਰਉਪਯੋਗ ਹੋ ਜਾਂਦਾ ਹੈ। ਪਰ ਇਸ ਵਾਰ ਤਰਨਤਾਰਨ ਦੀ ਚੋਣ ਉਸ ਪਰੰਪਰਾ ਤੋਂ ਵੱਖਰੀ ਰਹੀ। ਸੀ ਆਰ ਪੀ ਐਫ ਦੀ ਸਖ਼ਤ ਤਾਇਨਾਤੀ, CCTV ਕੈਮਰਿਆਂ ਦੀ ਨਿਗਰਾਨੀ ਅਤੇ ਨਿਰਪੱਖ ਕਾਰਵਾਈ ਨੇ ਇਹ ਯਕੀਨੀ ਬਣਾਇਆ ਕਿ ਸਾਸ਼ਕ ਪਾਰਟੀ ਦੇ ਉਮੀਦਵਾਰ ਨੂੰ ਸਰਕਾਰੀ ਮਸੀਨਰੀ ਨਾਲ ਫ਼ਾਇਦਾ ਨਾ ਮਿਲੇ।

ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਪਿੰਡਾਂ ਤੇ ਕਸਬਿਆਂ ਵਿੱਚ ਨਿੱਜੀ ਤੌਰ ‘ਤੇ ਕਾਫ਼ੀ ਵਿਕਾਸ ਕਾਰਜ ਕਰਵਾਏ ਹਨ ਜਿਸਦਾ ਅਸਰ ਇਸ ਚੋਣ ਵਿੱਚ ਦੇਖਣ ਨੂੰ ਮਿਲਿਆ। ਬਹੁਤ ਸਾਰੇ ਵੋਟਰਾਂ ਨੇ ਸਾਫ਼ ਕਿਹਾ ਕਿ ਉਹਨਾਂ ਨੇ ਵੋਟ ਬਾਦਲ ਦਲ ਨੂੰ ਨਹੀਂ, ਸਗੋਂ ਸੁਖਵਿੰਦਰ ਕੌਰ ਦੇ ਆਪਣੇ ਨਿੱਜੀ ਰਿਸ਼ਤਿਆਂ ਤੇ ਵਿਕਾਸ ਲਈ ਮਦਦ ਨੂੰ ਦੇਖ ਕੇ ਪਾਈ ਹੈ।

ਹੁਣ ਮੈਦਾਨ ਤਿਆਰ ਹੈ — ਇੱਕ ਪਾਸੇ ਸ਼ਾਸਕ ਪਾਰਟੀ ਦੀ ਮਸ਼ੀਨਰੀ ਅਤੇ ਦੂਜੇ ਪਾਸੇ ਬਾਦਲ ਦਲ ਦੇ ਉਮੀਦਵਾਰ ਦਾ ਅਸਰ ਰਸੂਖ। ਲੋਕਾਂ ਦੇ ਮਨ ਵਿੱਚ ਇੱਕ ਉਮੀਦ ਹੈ ਕਿ ਜਿਸ ਪਾਸੇ ਸੱਚੀ ਸੇਵਾ ਅਤੇ ਲੋਕ ਹਿੱਤ ਦੀ ਸੋਚ ਹੋਵੇਗੀ, ਉਹੀ ਜਿੱਤ ਦਾ ਤਾਜ ਪਾਵੇਗਾ।

ਹੁਣ ਸਾਰੀਆਂ ਨਜ਼ਰਾਂ 14 ਨਵੰਬਰ ਉੱਤੇ ਟਿਕੀਆਂ ਹੋਈਆਂ ਹਨ — ਤਰਨਤਾਰਨ ਦੀ ਧਰਤੀ ‘ਤੇ ਫੈਸਲਾ ਹੋਵੇਗਾ ਕਿ ਜਨਤਾ ਨੇ ਵਿਸ਼ਵਾਸ ਕਿਸ ‘ਤੇ ਜਤਾਇਆ ਹੈ — ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ‘ਤੇ ਜਾਂ ਬਾਦਲ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ‘ਤੇ।
ਉਡੀਕ ਹੈ, ਕੁਝ ਘੰਟਿਆਂ ਦੀ ਜਦੋਂ ਲੋਕਾਂ ਦਿੱਤਾ ਫਤਵਾ ਸਾਹਮਣੇ ਆ ਜਾਵੇਗਾ।

ਕੁਲਵੰਤ ਸਿੰਘ ਗੱਗੜਪੁਰੀ