Gurdaspur
ਗੁਰਦਾਸਪੁਰ ਪੁਲਿਸ ਨੇ ਚਿਹਰਾ ਢੱਕ ਕੇ ਵਾਹਨ ਚਲਾਉਣ ‘ਤੇ ਲਗਾਈ ਪਾਬੰਦੀ
ਅਕਸਰ ਹੀ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਲੋਕਾਂ ਵੱਲੋਂ ਮੂੰਹ ਢੱਕ ਕੇ ਜਾਂ ਫਿਰ ਮਾਸਕ ਆਦਿ ਨਾਲ ਚਿਹਰਾ ਕਵਰ ਕਰਕੇ ਮੋਟਰਸਾਈਕਲ ਜਾਂ ਐਕਟਿਵਾ ਆਦਿ ਵਾਹਨ ਚਲਾਏ ਜਾਂਦੇ ਹਨ। ਇੱਥੋ ਤੱਕ ਕਿ ਪੈਦਲ ਚੱਲਣ ਵਾਲੇ ਲੋਕ ਵੀ ਦੁੱਪਟੇ ਜਾਂ ਫਿਰ ਕਿਸੇ ਕੱਪੜੇ ਨਾਲ ਮੂੰਹ ਢੱਕ ਕੇ ਚੱਲਦੇ ਹਨ, ਪਰ ਹੁਣ ਤੁਸੀਂ ਮੂੰਹ ਢੱਕ ਕੇ ਨਾ ਤਾਂ ਦੋਪਹੀਆ ਵਾਹਨ ਚਲਾ ਸਕਦੇ ਹੋ ਅਤੇ ਨਾ ਹੀ ਪੈਦਲ ਚੱਲ ਸਕਦੇ ਹੋ। ਹੁਣ ਇਸ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ।
ਦਰਅਸਲ ਪਿੰਡਾਂ-ਸ਼ਹਿਰਾਂ ਵਿੱਚ ਨਕਾਬਪੋਸ਼ ਬਦਮਾਸ਼ਾਂ ਵੱਲੋਂ ਲੁੱਟਾਂ-ਖੋਹਾਂ, ਕਤਲ ਤੇ ਡਕੈਤੀਆਂ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਅਜਿਹੀਆਂ ਵਾਰਦਾਤਾਂ ਵਾਲੀਆਂ ਥਾਵਾਂ ‘ਤੇ ਲੱਗੇ ਜਦੋਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾਂਦੇ ਹਨ ਤਾਂ ਬਹੁਤੇ ਮੁਲਜ਼ਮਾਂ ਦੇ ਚਿਹਰੇ ਢੱਕੇ ਹੋਏ ਪਾਏ ਜਾਂਦੇ ਹਨ।
ਇਸ ਦੇ ਚੱਲਦਿਆਂ ਹੁਣ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲੈਂਦਿਆ ਸੁਰੱਖਿਆ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕ ਕੇ ਪੈਦਲ ਚੱਲਣ ਜਾਂ ਦੋ ਪਹੀਆ ਵਾਹਨ ਚਲਾਉਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰਿੰਦਰ ਸਿੰਘ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਮੂੰਹ ‘ਤੇ ਕੱਪੜਾ ਪਾ ਕੇ ਜਾਂ ਮੂੰਹ ਨੂੰ ਕਵਰ ਕਰਕੇ ਪੈਦਲ ਚੱਲਣ ਜਾਂ ਵਹੀਕਲ ਚਲਾਉਣ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦਾ ਇਹ ਹੁਕਮ 30 ਅਗਸਤ 2024 ਤੋਂ 28 ਅਕਤੂਬਰ 2024 ਤੱਕ ਲਾਗੂ ਰਹੇਗਾ।