News
ਹਮਾਸ- ਇਜ਼ਰਾਈਲ ਸਮਝੌਤਾ: ਇਤਿਹਾਸਕ ਦੁਸ਼ਮਣੀ ਤੋਂ ਸ਼ਾਂਤੀ ਦੀ ਕਿਰਣ ਤੱਕ।
ਦੁਨੀਆਂ ਦੀ ਸਭ ਤੋਂ ਪੁਰਾਣੀ ਅਤੇ ਖਤਰਨਾਕ ਜੰਗਾਂ ਵਿੱਚੋਂ ਇੱਕ ਕੁੱਝ ਸਮੇਂ ਲਈ ਰੁਕਦੀ ਨਜ਼ਰ ਆ ਰਹੀ ਹੈ। ਗੱਲ ਕਰ ਰਹੇ ਹਾਂ ਹਮਾਸ ਅਤੇ ਇਜ਼ਰਾਈਲ ਦੇ ਤਾਜ਼ਾ ਜੰਗਬੰਦੀ ਦੇ ਸਮਝੌਤੇ ਦੀ, ਜਿਸਨੂੰ ਲੋਕ ਆਸ ਦੀ ਕਿਰਣ ਕਹਿ ਰਹੇ ਹਨ। ਇਸ ਸਮਝੌਤੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਸਮਝੌਤੇ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇਜ਼ਰਾਈਲ ਫਲਸਤੀਨ ਦੀ ਲੜਾਈ ਦਾ ਪਿਛੋਕੜ ਕੀ ਹੈ ਇਜ਼ਰਾਈਲ ਵਿੱਚ ਵੱਸਦੇ ਯਹੂਦੀਆਂ ਦਾ ਫਲਸਤੀਨ ਨਾਲ ਕੀ ਰਿਸ਼ਤਾ ਹੈ? ਯਹੂਦੀਆਂ ਦਾ ਫਲਸਤੀਨ ਨਾਲ ਨਾਤਾ ਹਜ਼ਾਰਾਂ ਸਾਲ ਪੁਰਾਣਾ ਹੈ, ਪਰ ਲਗਭਗ ਦੋ ਹਜ਼ਾਰ ਸਾਲ ਪਹਿਲਾਂ ਰੋਮਨ ਸਾਮਰਾਜ ਨੇ ਉਨ੍ਹਾਂ ਨੂੰ ਉਥੋਂ ਕੱਢ ਦਿੱਤਾ ਸੀ। ਉਸ ਤੋਂ ਬਾਅਦ ਯਹੂਦੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲ ਗਏ—ਯੂਰਪ, ਰੂਸ, ਅਮਰੀਕਾ, ਤੇ ਮੱਧ-ਪੂਰਬ ਦੇ ਹੋਰ ਖੇਤਰਾਂ ਵਿੱਚ। ਉੱਨੀਵੀਂ ਸਦੀ ਦੇ ਅੰਤ ਵਿੱਚ ਜਦੋਂ ਯੂਰਪ ਵਿੱਚ ਯਹੂਦੀਆਂ ਨਾਲ ਨਫ਼ਰਤ ਅਤੇ ਹਿੰਸਾ ਵਧੀ, ਤਾਂ ਉਨ੍ਹਾਂ ਨੇ ਆਪਣੇ ਪੁਰਖਿਆਂ ਦੀ ਧਰਤੀ ‘ਫਲਸਤੀਨ’ ਵਾਪਸ ਪਰਤਣ ਦਾ ਅੰਦੋਲਨ ਸ਼ੁਰੂ ਕੀਤਾ, ਜਿਸਨੂੰ “ਜ਼ਾਇਓਨਿਸਟ ਮੂਵਮੈਂਟ” ਕਿਹਾ ਗਿਆ। 1917 ਵਿੱਚ ਪਹਿਲੀ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਸਰਕਾਰ ਨੇ “ਬੈਲਫ਼ੋਰ ਡਿਕਲੇਰੇਸ਼ਨ” ਜਾਰੀ ਕੀਤਾ, ਜਿਸ ਵਿੱਚ ਫਲਸਤੀਨ ਵਿੱਚ ਯਹੂਦੀਆਂ ਲਈ ਇੱਕ ਵੱਖਰਾ ਬਣਾਉਣ ਦੀ ਗੱਲ ਕੀਤੀ ਗਈ। ਉਸ ਸਮੇਂ ਪੈਲੇਸਤੀਨ ਓਟੋਮਨ ਤੁਰਕੀ ਸਾਮਰਾਜ ਦਾ ਹਿੱਸਾ ਸੀ, ਪਰ ਜੰਗ ਤੋਂ ਬਾਅਦ 1920 ਵਿੱਚ ਇਹ ਖੇਤਰ ਬਰਤਾਨੀਆ ਦੇ ਅਧੀਨ ਆ ਗਿਆ ਜਿਸਨੂੰ “ਬ੍ਰਿਟਿਸ਼ ਮੈਨਡੇਟ ਫਾਰ ਫਲਸਤੀਨ ਸਤੀਨ” ਕਿਹਾ ਗਿਆ। 1920 ਤੋਂ 1948 ਤੱਕ ਪੈਲੇਸਤੀਨ ਬਰਤਾਨੀਆ ਦੇ ਕਬਜ਼ੇ ਹੇਠ ਰਿਹਾ। ਇਸ ਦੌਰਾਨ ਯਹੂਦੀ ਆਬਾਦੀ ਵਧਣ ਲੱਗੀ ਤੇ ਅਰਬ ਅਬਾਦੀ ਨਾਲ ਟਕਰਾਅ ਸ਼ੁਰੂ ਹੋ ਗਿਆ। 1947 ਵਿੱਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਯੋਜਨਾ ਪੇਸ਼ ਕੀਤੀ—ਇੱਕ ਯਹੂਦੀ ਰਾਜ ਤੇ ਇੱਕ ਅਰਬ ਰਾਜ। ਯਹੂਦੀਆਂ ਨੇ ਇਹ ਮੰਨ ਲਿਆ ਪਰ ਅਰਬ ਦੇਸ਼ਾਂ ਨੇ ਰੱਦ ਕਰ ਦਿੱਤਾ। 14 ਮਈ 1948 ਨੂੰ ਜਦੋਂ ਇਜ਼ਰਾਇਲ ਦਾ ਐਲਾਨ ਹੋਇਆ, ਤਾਂ ਦੂਜੇ ਹੀ ਦਿਨ ਮਿਸਰ, ਜੌਰਡਨ, ਸੀਰੀਆ, ਇਰਾਕ ਅਤੇ ਲੈਬਨਾਨ ਨੇ ਇਜ਼ਰਾਇਲ ਵਿਰੁੱਧ ਜੰਗ ਛੇੜ ਦਿੱਤੀ, ਜਿਸਨੂੰ ਪਹਿਲੀ ਅਰਬ-ਇਜ਼ਰਾਇਲ ਜੰਗ ਕਿਹਾ ਗਿਆ। ਇਜ਼ਰਾਇਲ ਨੇ ਇਹ ਜੰਗ ਜਿੱਤੀ ਤੇ ਹੋਰ ਖੇਤਰਾਂ ‘ਤੇ ਕਬਜ਼ਾ ਕਰ ਲਿਆ। ਹਜ਼ਾਰਾਂ ਫਲਸਤੀਨੀ ਸ਼ਰਨਾਰਥੀ ਬਣ ਗਏ ਤੇ ਇਹੀ ਟਕਰਾਅ ਅਗਲੇ ਦਹਾਕਿਆਂ ਤੱਕ ਚੱਲਦਾ ਰਿਹਾ। 1956 ਵਿੱਚ ਦੂਜੀ ਜੰਗ ਹੋਈ ਜਦੋਂ ਮਿਸਰ ਨੇ ਸੂਏਜ਼ ਨਹਿਰ ‘ਤੇ ਕਬਜ਼ਾ ਕੀਤਾ, ਇਜ਼ਰਾਇਲ ਨੇ ਫਿਰ ਹਮਲਾ ਕੀਤਾ। 1967 ਵਿੱਚ ਛੇ ਦਿਨਾਂ ਦੀ ਜੰਗ ਦੌਰਾਨ ਇਜ਼ਰਾਈਲ ਨੇ ਮਿਸਰ, ਜੌਰਡਨ ਅਤੇ ਸੀਰੀਆ ‘ਤੇ ਤੇਜ਼ ਹਮਲਾ ਕਰਕੇ ਗਾਜ਼ਾ, ਵੈਸਟ ਬੈਂਕ, ਗੋਲਾਨ ਹਾਈਟਸ ਅਤੇ ਪੂਰਬੀ ਜੇਰੂਸਲਮ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ 1973 ਵਿੱਚ ਯੋਮ ਕਿਪੂਰ ਜੰਗ ਹੋਈ, ਜਿਸ ਵਿੱਚ ਮਿਸਰ ਅਤੇ ਸੀਰੀਆ ਨੇ ਮਿਲ ਕੇ ਹਮਲਾ ਕੀਤਾ ਪਰ ਇਜ਼ਰਾਇਲ ਨੇ ਫਿਰ ਰੋਕ ਲਿਆ। 1979 ਵਿੱਚ ਮਿਸਰ ਨੇ ਅਮਰੀਕੀ ਦਬਾਅ ਹੇਠ ਇਜ਼ਰਾਈਲ ਨਾਲ ਸ਼ਾਂਤੀ ਕਰ ਲਈ, ਪਰ ਫਲਸਤੀਨ ਦਾ ਮਸਲਾ ਅਣਸੁਲਝਿਆ ਰਿਹਾ। ਇਸ ਦੌਰਾਨ ਫਲਸਤੀਨੀ ਲੋਕਾਂ ਨੇ ਆਪਣੀ ਆਜ਼ਾਦੀ ਲਈ “ਫਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ (PLO)” ਬਣਾਈ ਜਿਸਦੇ ਨੇਤਾ ਯਾਸਿਰ ਅਰਫ਼ਾਤ ਸਨ। 1987 ਵਿੱਚ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਇਸਰਾਇਲੀ ਕਬਜ਼ੇ ਖ਼ਿਲਾਫ਼ ਲੋਕਾਂ ਨੇ ਬਗਾਵਤ ਕੀਤੀ ਜਿਸਨੂੰ “ਇੰਤਿਫਾਦਾ” ਕਿਹਾ ਗਿਆ, ਤੇ ਇਸੇ ਸਾਲ ਗਾਜ਼ਾ ਵਿੱਚ ਇੱਕ ਨਵਾਂ ਇਸਲਾਮਿਕ ਅੰਦੋਲਨ “ਹਮਾਸ” ਉਭਰਿਆ ਜਿਸ ਨੇ ਇਜ਼ਰਾਇਲ ਦੇ ਖ਼ਿਲਾਫ਼ ਸਿੱਧਾ ਮੁਕਾਬਲਾ ਸ਼ੁਰੂ ਕੀਤਾ। ਇਸ ਤਰ੍ਹਾਂ 1987 ਤੱਕ ਇਹ ਸੰਘਰਸ਼ ਧਾਰਮਿਕ, ਰਾਜਨੀਤਿਕ ਅਤੇ ਜ਼ਮੀਨੀ ਲੜਾਈ ਦਾ ਗੰਭੀਰ ਰੂਪ ਧਾਰ ਚੁੱਕਾ ਸੀ ਜਿਸਦਾ ਪ੍ਰਭਾਵ ਅੱਜ ਤੱਕ ਜਾਰੀ ਹੈ। ਹੁਣ ਗੱਲ ਕਰਦੇ ਹਾਂ ਹਮਾਸ ਦੇ ਪੈਦਾ ਹੋਣ ਦੀ, ਜੰਗਾਂ ਦੀ ਅਤੇ ਹਾਲ ਹੀ ਵਿੱਚ ਹੋਈ ਜੰਗਬੰਦੀ ਦੀ।
ਹਮਾਸ ਦੀ ਸ਼ੁਰੂਆਤ 1987 ਵਿੱਚ ਗਾਜ਼ਾ ਤੋਂ ਹੋਈ, ਜਦੋਂ ਇਸਲਾਮਿਕ ਵਿਚਾਰਧਾਰਾ ਵਾਲੀ ਇਹ ਸੰਸਥਾ ਫ਼ਲਸਤੀਨੀ ਹੱਕਾਂ ਦੀ ਲੜਾਈ ਦਾ ਨਵਾਂ ਚਿਹਰਾ ਬਣੀ। ਇਸ ਦੀਆਂ ਜੜ੍ਹਾਂ ਮਿਸਰ ਦੀ ਮੁਸਲਿਮ ਬ੍ਰਦਰਹੁੱਡ ਵਿੱਚ ਹਨ। ਪਹਿਲੀ ਹਥਿਆਰਬੰਦ ਜਥੇਬੰਦੀ— ਯਾਨੀ ਫ਼ਲਸਤੀਨੀ ਜਨ ਆੰਦੋਲਨ ਦੇ ਦੌਰਾਨ ਹਮਾਸ ਨੇ ਆਪਣੀ ਮੌਜੂਦਗੀ ਦਰਸਾਈ ਅਤੇ ਇਸਰਾਇਲ ਵਿਰੁੱਧ ਹਥਿਆਰਬੰਦ ਮੁਕਾਬਲਾ ਸ਼ੁਰੂ ਕੀਤਾ।
ਕਈ ਦੇਸ਼ਾਂ ਨੇ ਹਮਾਸ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਕਿਉਂਕਿ ਇਸ ਨੇ ਬੰਬ ਧਮਾਕਿਆਂ ਅਤੇ ਰਾਕੇਟ ਹਮਲਿਆਂ ਰਾਹੀਂ ਆਪਣੇ ਮਕਸਦ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। 2006 ਵਿੱਚ ਹਮਾਸ ਨੇ ਫ਼ਲਸਤੀਨੀ ਚੋਣਾਂ ਜਿੱਤ ਕੇ ਗਾਜ਼ਾ ‘ਤੇ ਆਪਣਾ ਕਬਜ਼ਾ ਮਜ਼ਬੂਤ ਕੀਤਾ। ਉਸ ਤੋਂ ਬਾਅਦ ਗਾਜ਼ਾ ਤੇ ਵੈਸਟ ਬੈਂਕ ਵਿਚਕਾਰ ਵੰਡ ਹੋ ਗਈ — ਇਕ ਪਾਸੇ ਹਮਾਸ, ਦੂਜੇ ਪਾਸੇ ਫਤਹ ਪਾਰਟੀ।
ਇਸਰਾਇਲ ਨਾਲ ਹਮਾਸ ਦਾ ਟਕਰਾਅ ਕੋਈ ਨਵੀਂ ਗੱਲ ਨਹੀਂ। 2023 ਵਿੱਚ ਹਮਾਸ ਦੇ ਵੱਡੇ ਹਮਲੇ ‘ਚ ਸੈਂਕੜੇ ਇਸਰਾਇਲੀ ਮਾਰੇ ਗਏ, ਤੇ ਇਸਰਾਇਲ ਨੇ ਗਾਜ਼ਾ ‘ਤੇ ਤਬਾਹਕੁਨ ਹਮਲੇ ਕਰਕੇ ਹਜ਼ਾਰਾਂ ਜਾਨਾਂ ਲੈ ਲਈਆਂ। ਗਾਜ਼ਾ ਖੰਡਰ ਬਣ ਗਿਆ — ਬੱਚੇ, ਔਰਤਾਂ, ਹਸਪਤਾਲ ਸਭ ਤਬਾਹ ਹੋ ਗਏ। ਦੁਨੀਆ ਭਰ ਦੇ ਦੇਸ਼ਾਂ ਨੇ ਇਸ ਹਿੰਸਾ ‘ਤੇ ਦੁੱਖ ਜਤਾਇਆ ਪਰ ਹੱਲ ਕਿਸੇ ਕੋਲ ਨਹੀਂ ਸੀ।
ਹੁਣ ਹਾਲ ਹੀ ਵਿੱਚ ਜੋ ceasefire ਹੋਇਆ ਹੈ, ਉਸ ਅਧੀਨ ਹਮਾਸ ਕੁੱਝ ਇਸਰਾਇਲੀ ਬੰਦੀਆਂ ਨੂੰ ਰਿਹਾਅ ਕਰੇਗਾ, ਇਸਰਾਇਲ ਕੁਝ ਫਲਸਤੀਨੀ ਕੈਦੀਆਂ ਨੂੰ ਛੱਡੇਗਾ। ਇਜ਼ਰਾਇਲ ਕੁੱਝ ਖੇਤਰਾਂ ਵਿੱਚ ਸੈਨਿਕ ਕਾਰਵਾਈ ਰੋਕੇਗਾ, ਅਤੇ ਗਾਜ਼ਾ ਵਿੱਚ ਮਨੁੱਖੀ ਮਦਦ ਪਹੁੰਚਾਉਣ ਦੀ ਇਜਾਜ਼ਤ ਦੇਵੇਗਾ।
ਪਰ ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਇੱਕ ਅਸਥਾਈ ਸੌਦਾ ਹੈ ਜਾਂ ਸ਼ਾਂਤੀ ਦੀ ਸ਼ੁਰੂਆਤ? ਹਮਾਸ ਆਪਣੀ ਹਥਿਆਰਬੰਦ ਸ਼ਕਤੀ ਛੱਡਣ ਨੂੰ ਤਿਆਰ ਨਹੀਂ, ਤੇ ਇਸਰਾਇਲ ਉਸਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ। ਦੋਨਾਂ ਦੇ ਵਿਚਕਾਰ ਵਿਸ਼ਵਾਸ ਦੀ ਕਮੀ ਇਸ ਸਮਝੌਤੇ ਨੂੰ ਕਮਜ਼ੋਰ ਬਣਾਉਂਦੀ ਹੈ।
ਇਹ ceasefire ਜੰਗ ਰੋਕਣ ਦੀ ਕੋਸ਼ਿਸ਼ ਹੈ ਪਰ ਪੱਕੀ ਸ਼ਾਂਤੀ ਦਾ ਰਸਤਾ ਤਦ ਹੀ ਖੁਲ੍ਹੇਗਾ ਜਦੋਂ ਦੋਵੇਂ ਪੱਖ ਆਪਣੀ ਜਿੱਤ ਨਹੀਂ, ਸਗੋਂ ਮਨੁੱਖਤਾ ਦੀ ਜਿੱਤ ਨੂੰ ਮੰਜ਼ਿਲ ਬਣਾਉਣਗੇ।
ਅੰਤ ਵਿੱਚ, ਗਾਜ਼ਾ ਦੇ ਮਲਬੇ ਵਿੱਚ ਖੇਡਦੇ ਬੱਚੇ ਅਤੇ ਬੰਬਾਂ ਦੀ ਗੂੰਜ ਵਿਚਕਾਰ ਤੜਫ਼ਦੇ ਬਜ਼ੁਰਗ ਇਹ ਪੁੱਛ ਰਹੇ ਹਨ — ਕਦੋਂ ਆਵੇਗੀ ਅਸਲੀ ਆਜ਼ਾਦੀ, ਤੇ ਕਦੋਂ ਖ਼ਾਮੋਸ਼ ਹੋਣਗੇ ਇਹ ਰਾਕੇਟਾਂ ਦੇ ਸ਼ੋਰ? -ਕੁਲਵੰਤ ਸਿੰਘ ਗੱਗੜਪੁਰੀ

