Ludhiana
ਲੁਧਿਆਣਾ ‘ਚ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ: SSP ਦਫਤਰ ‘ਚ ਸਰਵਿਸ ਰਿਵਾਲਵਰ ਨਾਲ ਮਾਰੀ ਗੋਲੀ..
ਪੰਜਾਬ ਦੇ ਲੁਧਿਆਣਾ ਦੇ ਖੰਨਾ ਐਸਐਸਪੀ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਹੈੱਡ ਕਾਂਸਟੇਬਲ ਨੇ ਖੁਦਕੁਸ਼ੀ ਕਰ ਲਈ। ਹੈੱਡ ਕਾਂਸਟੇਬਲ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਅਧਿਕਾਰੀ ਅਨੁਸਾਰ ਮ੍ਰਿਤਕ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਉਹ 4 ਦਿਨ ਪਹਿਲਾਂ ਡੀਐਸਪੀ ਗੁਰਮੀਤ ਸਿੰਘ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਮ੍ਰਿਤਕ ਦੀ ਪਛਾਣ ਰਸ਼ਪਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਹ ਰੀਡਰ ਦੇ ਕਮਰੇ ‘ਚ ਇਕੱਲਾ ਬੈਠਾ ਸੀ। ਇਸ ਦੌਰਾਨ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਮੁਲਾਜ਼ਮਾਂ ਵਿਚ ਹਫੜਾ-ਦਫੜੀ ਮੱਚ ਗਈ। ਸਟਾਫ ਨੇ ਮੌਕੇ ‘ਤੇ ਪਹੁੰਚ ਕੇ ਖੂਨ ਨਾਲ ਲੱਥਪੱਥ ਰਸ਼ਪਿੰਦਰ ਨੂੰ ਹਸਪਤਾਲ ਪਹੁੰਚਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਕਰਮਚਾਰੀ ਡਿਪਰੈਸ਼ਨ ਵਿੱਚ ਸੀ
ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਰਸ਼ਪਿੰਦਰ ਡੀਐਸਪੀ ਗੁਰਮੀਤ ਸਿੰਘ ਦੇ ਨਾਲ ਖੰਨਾ ਵਿੱਚ ਤਾਇਨਾਤ ਸੀ। ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਗੋਲੀ ਸਰਵਿਸ ਰਿਵਾਲਵਰ ਤੋਂ ਚਲਾਈ ਗਈ ਸੀ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਰਖਵਾਇਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।