Punjab
ਬਲੈਕ ਫਰਾਈਡੇ ਮਨਾਉਣ ਲਈ ਦਿੱਲੀ ਪਹੁੰਚੀ ਅਕਾਲੀ ਦਲ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਤੈਨਾਤ, ਧਾਰਾ 144 ਲਾਗੂ
ਨਵੀਂ ਦਿੱਲੀ : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਅੱਜ ਕਾਲਾ ਦਿਵਸ ਮਨਾ ਰਿਹਾ ਹੈ। ਅਕਾਲੀ ਦਲ ਅੱਜ ਦਿੱਲੀ ਵਿੱਚ ‘ਬਲੈਕ ਫ੍ਰਾਈਡੇ ਪ੍ਰੋਟੈਸਟ ਮਾਰਚ’ ਦਾ ਆਯੋਜਨ ਕਰ ਰਿਹਾ ਹੈ, ਹਾਲਾਂਕਿ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਦਿੱਲੀ ਪੁਲਿਸ ਨੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਅਕਾਲੀ ਦਲ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਵਿਰੁੱਧ ਰੋਸ ਮਾਰਚ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਅਕਾਲੀ ਦਲ ਦੇ ਮੁੱਖੀ ਸੁਖਬੀਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਨਗੇ।
ਸਾਰੇ ਤਿੰਨ ਖੇਤੀਬਾੜੀ ਕਾਨੂੰਨ 17 ਸਤੰਬਰ 2020 ਨੂੰ ਸੰਸਦ ਵਿੱਚ ਪਾਸ ਕੀਤੇ ਗਏ ਸਨ ਅਤੇ ਉਨ੍ਹਾਂ ਦੇ ਵਿਰੋਧ ਵਿੱਚ ਹਰਸਿਮਰਤ ਨੇ ਕੇਂਦਰੀ ਮੰਤਰੀ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ ਸੀ। ਦਿੱਲੀ ਪੁਲਿਸ ਨੇ ਸਰਹੱਦ ‘ਤੇ ਹੀ ਅਕਾਲੀ ਦਲ ਨੂੰ ਰੋਕ ਦਿੱਤਾ ਹੈ। ਅਕਾਲੀ ਦਲ ਦੇ ਬੁਢਲਾਡਾ ਹਲਕਾ ਮੁੱਖੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਛੇ ਬੱਸਾਂ ਅਤੇ ਅੱਠ ਕਾਰਾਂ ਵਿੱਚ 300 ਤੋਂ ਵੱਧ ਵਰਕਰ ਆਏ ਸਨ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਪੁਲਿਸ ਨੇ ਝੜੋਦਾ ਕਲਾਂ ਸਰਹੱਦ ‘ਤੇ ਬੈਰੀਕੇਡਿੰਗ ਕਰਕੇ ਦੋਵੇਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਪੁਲਿਸ ਨੇ ਇਸ ਰਸਤੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ।