Punjab
ਹਾਸੇ ਤੋਂ ਸਿਆਸੀ ਸੰਕੇਤ: ਨਵਾਂ ਅਕਾਲੀ ਦਲ–ਭਾਜਪਾ ਨੇੜਤਾ ਤੇ ਬਾਦਲ ਦਲ ਦੇ ਵਜੂਦ ਨੂੰ ਖ਼ਤਰਾ !
ਗਿਆਨੀ ਹਰਪ੍ਰੀਤ ਸਿੰਘ ਹੁਣ ਸਿਰਫ਼ ਸਾਬਕਾ ਸਿੰਘ ਸਾਹਿਬ ਹੀ ਨਹੀਂ ਰਹੇ, ਉਹ ਖੁੱਲ੍ਹੇ ਤੌਰ ’ਤੇ ਸਿਆਸਤ ਵਿੱਚ ਆ ਚੁੱਕੇ ਹਨ ਅਤੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਹਨ। ਇਸ ਸੰਦਰਭ ਵਿੱਚ ਟ੍ਰਾਈਸਿਟੀ ਦੇ ਪ੍ਰਸਿੱਧ ਰੀਅਲਟਰ ਰਣਜੀਤ ਸਿੰਘ ਗਿੱਲ ਦੇ ਪਰਿਵਾਰਕ ਲੋਹੜੀ ਸਮਾਗਮ ਦੌਰਾਨ ਹਰਿਆਣਾ ਦੇ ਭਾਜਪਾ ਮੁੱਖ ਮੰਤਰੀ ਨਾਇਬ ਸੈਣੀ ਨਾਲ ਉਨ੍ਹਾਂ ਦੀ ਮੁਲਾਕਾਤ, ਹਾਸਾ-ਠੱਠਾ ਅਤੇ ਨਜ਼ਦੀਕੀ ਹੁਣ ਸਿਰਫ਼ ਸਮਾਜਿਕ ਘਟਨਾ ਨਹੀਂ ਰਹਿੰਦੀ, ਸਗੋਂ ਇੱਕ ਗਹਿਰਾ ਸਿਆਸੀ ਸੰਕੇਤ ਬਣ ਜਾਂਦੀ ਹੈ। ਜਦੋਂ ਧਾਰਮਿਕ ਪਿਛੋਕੜ ਵਾਲਾ ਆਗੂ ਸਿਆਸਤਦਾਨ ਬਣ ਜਾਵੇ, ਤਾਂ ਉਸ ਦੀ ਹਰ ਮੁਲਾਕਾਤ ਨੂੰ ਭਵਿੱਖੀ ਗਠਜੋੜ, ਰਣਨੀਤੀ ਅਤੇ ਚੁਣਾਵੀ ਇਰਾਦਿਆਂ ਦੇ ਚਸ਼ਮੇ ਨਾਲ ਹੀ ਵੇਖਿਆ ਜਾਂਦਾ ਹੈ।
ਇਸ ਮੀਟਿੰਗ ਨੂੰ ਨਵੇਂ ਅਕਾਲੀ ਦਲ ਦੀ ਭਾਜਪਾ ਨਾਲ ਵਧ ਰਹੀ ਨੇੜਤਾ ਵਜੋਂ ਪੜ੍ਹਿਆ ਜਾ ਰਿਹਾ ਹੈ। ਭਾਜਪਾ ਪੰਜਾਬ ਵਿੱਚ ਬਾਦਲ ਦਲ ਨਾਲ ਟੁੱਟੇ ਗਠਜੋੜ ਤੋਂ ਬਾਅਦ ਸਿੱਖ ਸਿਆਸਤ ਵਿੱਚ ਨਵਾਂ ਦਰਵਾਜ਼ਾ ਲੱਭ ਰਹੀ ਹੈ ਜਦਕਿ ਨਵਾਂ ਅਕਾਲੀ ਦਲ ਆਪਣੇ ਆਪ ਨੂੰ ਬਾਦਲ ਵਿਰੋਧੀ ਅਤੇ “ਅਸਲੀ ਪੰਥਕ ਵਿਕਲਪ” ਵਜੋਂ ਪੇਸ਼ ਕਰ ਰਿਹਾ ਹੈ। ਦੋਹਾਂ ਦੀਆਂ ਲੋੜਾਂ ਇੱਥੇ ਮਿਲਦੀਆਂ ਨਜ਼ਰ ਆਉਂਦੀਆਂ ਹਨ—ਭਾਜਪਾ ਨੂੰ ਸਿੱਖ ਚਿਹਰਾ ਚਾਹੀਦਾ ਹੈ ਅਤੇ ਨਵੇਂ ਅਕਾਲੀ ਦਲ ਨੂੰ ਕੇਂਦਰੀ ਸੱਤਾ ਨਾਲ ਨੇੜਤਾ ਅਤੇ ਸਿਆਸੀ ਮਜ਼ਬੂਤੀ।
ਇਸ ਸਾਰੀ ਤਸਵੀਰ ਦਾ ਕੇਂਦਰੀ ਬਿੰਦੂ ਚੋਣ ਨਿਸ਼ਾਨ ਹੈ। ਬਾਦਲ ਦਲ ਦੀ ਸਭ ਤੋਂ ਵੱਡੀ ਤਾਕਤ ਉਸਦੀ ਤੱਕੜੀ ਹੈ, ਜੋ ਦਹਾਕਿਆਂ ਤੋਂ ਅਕਾਲੀ ਪਛਾਣ ਦਾ ਪ੍ਰਤੀਕ ਬਣੀ ਹੋਈ ਹੈ। ਜੇ ਨਵਾਂ ਅਕਾਲੀ ਦਲ ਇਸ ਨਿਸ਼ਾਨ ’ਤੇ ਦਾਅਵਾ ਕਰਦਾ ਹੈ ਅਤੇ ਭਾਜਪਾ ਲੁਕਵੇਂ ਢੰਗ ਨਾਲ ਜਾਂ ਖੁੱਲ੍ਹੇ ਤੌਰ ’ਤੇ ਉਸਦੇ ਪਿੱਛੇ ਖੜੀ ਹੁੰਦੀ ਹੈ, ਤਾਂ ਇਹ ਬਾਦਲ ਦਲ ਲਈ ਵਜੂਦ ਦੀ ਲੜਾਈ ਬਣ ਸਕਦੀ ਹੈ। ਇੱਥੇ ਮਹਾਰਾਸ਼ਟਰ ਦਾ ਸ਼ਿਵ ਸੈਨਾ ਮਾਮਲਾ ਅਣਡਿੱਠਾ ਨਹੀਂ ਕੀਤਾ ਜਾ ਸਕਦਾ। 2022 ਵਿੱਚ ਏਕਨਾਥ ਛਿੰਦੇ ਦੀ ਬਗਾਵਤ ਤੋਂ ਬਾਅਦ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਬਣੀ ਅਤੇ ਮਾਮਲਾ ਚੋਣ ਕਮਿਸ਼ਨ ਕੋਲ ਗਿਆ। ਕਮਿਸ਼ਨ ਨੇ ਭਾਵਨਾਵਾਂ ਜਾਂ ਇਤਿਹਾਸ ਨਹੀਂ, ਸਗੋਂ ਬਹੁਮਤ ਅਤੇ ਵਿਧਾਇਕਾਂ ਦੀ ਗਿਣਤੀ ਦੇ ਆਧਾਰ ’ਤੇ ਫ਼ੈਸਲਾ ਕੀਤਾ ਅਤੇ 2023 ਵਿੱਚ ਛਿੰਦੇ ਧੜੇ ਨੂੰ “ਅਸਲੀ ਸ਼ਿਵ ਸੈਨਾ” ਮੰਨਦਿਆਂ ਤੀਰ-ਕਮਾਨ ਨਿਸ਼ਾਨ ਦੇ ਦਿੱਤਾ। ਉਦਧਵ ਠਾਕਰੇ ਧੜਾ ਆਪਣੀ ਸਭ ਤੋਂ ਵੱਡੀ ਪਛਾਣ ਤੋਂ ਵਾਂਝਾ ਹੋ ਗਿਆ। ਇਹ ਫ਼ੈਸਲਾ ਸਿਰਫ਼ ਕਾਨੂੰਨੀ ਨਹੀਂ ਸੀ, ਸਗੋਂ ਭਾਜਪਾ ਲਈ ਰਣਨੀਤਕ ਜਿੱਤ ਸੀ, ਜਿਸ ਨੇ ਸਪੱਸ਼ਟ ਕਰ ਦਿੱਤਾ ਕਿ ਚੋਣ ਨਿਸ਼ਾਨ ਗਿਣਤੀ ਅਤੇ ਸੱਤਾ ਨਾਲ ਮਿਲਦਾ ਹੈ, ਵਿਰਾਸਤ ਨਾਲ ਨਹੀਂ।
ਇਸੇ ਮਾਡਲ ਦੇ ਸਾਇਆ ਹੇਠ ਨਵੇਂ ਅਕਾਲੀ ਦਲ–ਭਾਜਪਾ ਨੇੜਤਾ ਨੂੰ ਵੇਖਿਆ ਜਾ ਰਿਹਾ ਹੈ। ਜੇ ਨਵਾਂ ਅਕਾਲੀ ਦਲ ਸੰਗਠਨਕ ਤੌਰ ’ਤੇ ਮਜ਼ਬੂਤ ਹੋ ਕੇ ਆਪਣੇ ਆਪ ਨੂੰ ਅਸਲੀ ਅਕਾਲੀ ਧਾਰਾ ਵਜੋਂ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕੇਂਦਰੀ ਸਿਆਸਤ ਉਸਦੇ ਨਾਲ ਖੜੀ ਰਹਿੰਦੀ ਹੈ, ਤਾਂ ਤੱਕੜੀ ਨਿਸ਼ਾਨ ਦੀ ਲੜਾਈ ਸੜਕਾਂ ’ਤੇ ਨਹੀਂ, ਚੋਣ ਕਮਿਸ਼ਨ ਅਤੇ ਅਦਾਲਤਾਂ ਵਿੱਚ ਲੜੀ ਜਾਵੇਗੀ—ਬਿਲਕੁੱਲ ਮਹਾਰਾਸ਼ਟਰ ਵਾਂਗ।
ਇਸ ਪਿਛੋਕੜ ਵਿੱਚ ਲੋਹੜੀ ਸਮਾਗਮ ਦਾ ਹਾਸਾ-ਠੱਠਾ ਮਹਿਜ਼ ਤਸਵੀਰ ਨਹੀਂ ਰਹਿੰਦਾ, ਉਹ ਇੱਕ ਸੰਦੇਸ਼ ਬਣ ਜਾਂਦਾ ਹੈ ਕਿ ਨਵਾਂ ਅਕਾਲੀ ਦਲ ਕੰਮਜ਼ੋਰ ਨਹੀਂ ਅਤੇ ਬਾਦਲ ਦਲ ਦੀ ਲੰਬੇ ਸਮੇਂ ਤੋਂ ਬਣੀ ਮੋਨੋਪੋਲੀ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਚੁੱਕਾ ਹੈ। ਸਵਾਲ ਇਹ ਨਹੀਂ ਕਿ ਇਹ ਮੁਲਾਕਾਤ ਕਿੱਥੋਂ ਦੀ ਸੀ, ਸਵਾਲ ਇਹ ਹੈ ਕਿ ਇਹ ਕਿਧਰ ਨੂੰ ਜਾ ਰਹੀ ਹੈ। ਜੇ ਸ਼ਿਵ ਸੈਨਾ–ਛਿੰਦੇ ਮਾਡਲ ਪੰਜਾਬ ਵਿੱਚ ਦੁਹਰਾਇਆ ਗਿਆ, ਤਾਂ ਪੰਜਾਬੀ ਸਿਆਸਤ ਦੀ ਸਭ ਤੋਂ ਵੱਡੀ ਲੜਾਈ ਆਉਣ ਵਾਲੇ ਸਮੇਂ ਵਿੱਚ ਨਿਸ਼ਾਨ ਅਤੇ ਨਾਂ ਦੇ ਗਿਰਦ ਘੁੰਮੇਗੀ ਅਤੇ ਉਸ ਦੀ ਪਹਿਲੀ ਝਲਕ ਸ਼ਾਇਦ ਇਸ “ਲੋਹੜੀ ਵਾਲੇ ਹਾਸੇ” ਵਿੱਚ ਹੀ ਨਜ਼ਰ ਆ ਗਈ ਹੈ।
ਕੁਲਵੰਤ ਸਿੰਘ ਗੱਗੜਪੁਰੀ

