Connect with us

Punjab

ਘਰ ‘ਚ ਬਣੇ ਇਮੀਗ੍ਰੇਸ਼ਨ ਦਫ਼ਤਰ ‘ਚ ਛਾਪਾ, 3 ਵਿਅਕਤੀਆਂ ਨੂੰ ਕੀਤਾ ਕਾਬੂ

Published

on

ਜ਼ੀਰਕਪੁਰ : ਸੰਨੀ ਇਨਕਲੇਵ ਦੇ ਇੱਕ ਘਰ ਵਿੱਚ ਇਮੀਗ੍ਰੇਸ਼ਨ ਦਾ ਧੰਦਾ ਚਲਾ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 2 ਕਰੋੜ 96 ਲੱਖ ਰੁਪਏ ਨਕਦ, ਇੱਕ ਲੈਪਟਾਪ ਅਤੇ ਦੋ ਪਾਸਪੋਰਟ ਫੋਟੋਆਂ ਵੀ ਬਰਾਮਦ ਕੀਤੀਆਂ ਹਨ।

ਜਿਸ ਦੇ ਖਿਲਾਫ ਪੁਲਿਸ ਨੇ ਆਈਪੀਸੀ ਦੀ ਧਾਰਾ 420, 120 ਅਤੇ 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਦੋਵੇਂ ਵਾਸੀ ਸੰਨੀ ਐਨਕਲੇਵ ਜ਼ੀਰਕਪੁਰ ਅਤੇ ਵਿਜੇ ਕੁਮਾਰ ਵਾਸੀ ਪੁਰਾਣੀ ਸਰਹਿੰਦ ਮੰਡੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।

ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜ਼ੀਰਕਪੁਰ ਦੇ ਐੱਸਐੱਚਓ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਦੇ ਸੰਨੀ ਇਨਕਲੇਵ ਵਿੱਚ ਕੁਝ ਲੋਕ ਘਰ ਵਿੱਚ ਨਾਜਾਇਜ਼ ਤੌਰ ‘ਤੇ ਦਫ਼ਤਰ ਬਣਾ ਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪਾ ਮਾਰ ਕੇ ਤਿੰਨ ਲੋਕਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ । ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਕਦੀ, ਇੱਕ ਲੈਪਟਾਪ ਅਤੇ ਦੋ ਪਾਸਪੋਰਟਾਂ ਦੀਆਂ ਫੋਟੋ ਕਾਪੀਆਂ ਬਰਾਮਦ ਕੀਤੀਆਂ ਗਈਆਂ ਹਨ।

ਮੌਕੇ ਤੋਂ ਬਰਾਮਦ ਜ਼ਿਆਦਾਤਰ ਨਕਦੀ 500, 200 ਅਤੇ 100 ਰੁਪਏ ਦੇ ਨੋਟ ਸਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਬਿਨਾਂ ਲਾਇਸੈਂਸ ਤੋਂ ਵਿਦੇਸ਼ ਭੇਜਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਨ੍ਹਾਂ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਲੋਕਾਂ ਨਾਲ ਹੋਈ ਧੋਖਾਧੜੀ ਦਾ ਪਤਾ ਲਗਾਇਆ ਜਾਵੇਗਾ।