Connect with us

Ludhiana

ਲੁਧਿਆਣਾ ‘ਚ ਹੁਣ ਤੱਕ 12 ਕਰੋਨਾ ਪੀੜਤ, ਪਾਸ ਵਾਲਿਆਂ ਨੂੰ ਵੀ ਬਾਹਰ ਜਾਣ ਲਈ ਮਾਸਕ ਲਾਜ਼ਮੀ

Published

on

ਲੁਧਿਆਣਾ, 11 ਅਪਰੈਲ(ਸੰਜੀਵ ਸੂਦ): ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦਿਆਂ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ। ਜਿਸ ਦੇ ਮੱਦੇਨਜ਼ਰ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਤੋਂ 574 ਸੈਂਪਲ ਲਏ ਗਏ ਨੇ ਜਿਨ੍ਹਾਂ ਚੋਂ 467 ਦੀ ਰਿਪੋਰਟ ਆ ਗਈ ਹੈ ਅਤੇ 443 ਸੈਂਪਲ ਇਨ੍ਹਾਂ ਚੋਂ ਨੈਗੇਟਿਵ ਨੇ ਜਦੋਂ ਕਿ 12 ਸੈਂਪਲ ਪਾਜ਼ੀਟਿਵ ਆਏ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਲਿਖਿਆ ਕਿ ਹੁਣ ਆਉਂਦੇ ਦਿਨਾਂ ਚ ਵੀ ਕਰਫਿਊ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੁਧਿਆਣਾ ਦੇ ਅਮਰਪੁਰਾ ਅਤੇ ਜਗਰਾਉਂ ਦੇ ਚੌਕੀਮਾਨ ਵਿੱਚ 3 ਅਤੇ 2 ਵਾਇਰਸ ਦੇ ਕੇਸ ਮਿਲਣ ਕਾਰਣ ਇਨ੍ਹਾਂ ਥਾਵਾਂ ਨੂੰ ਹਾਟਸਪਾਟ ਬਣਾ ਕੇ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ। ਪ੍ਰਦੀਪ ਅਗਰਵਾਲ ਨੇ ਕਿਹਾ ਕਿ ਕਰਫ਼ਿਊ ਦੌਰਾਨ ਲੋਕਾਂ ਦਾ ਚੰਗਾ ਸਹਿਯੋਗ ਮਿਲਿਆ ਹੈ ਅਤੇ ਆਉਂਦੇ ਦਿਨਾਂ ‘ਚ ਜੋ ਮਿਆਦ ਵਧਾਈ ਗਈ ਇਸ ਦੌਰਾਨ ਵੀ ਉਹ ਉਮੀਦ ਕਰਦੇ ਨੇ ਕਿ ਚੰਗਾ ਲੋਕਾਂ ਦਾ ਸਮਰਥਨ ਮਿਲੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਇਹ ਨਾ ਸਮਝਣ ਕਿ ਸਵੇਰੇ ਜਾਂ ਸ਼ਾਮ ਨੂੰ ਕਿਸੇ ਵੀ ਤਰ੍ਹਾਂ ਕਰਫਿਊ ਦੇ ਵਿੱਚ ਕੋਈ ਵੀ ਢਿੱਲ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਕਰਫਿਊ 24 ਘੰਟੇ ਲਈ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਕਰਫਿਊ ਵਿੱਚ ਉਨ੍ਹਾਂ ਦਾ ਸਮਰਥਨ ਦੇਣ। ਉਨ੍ਹਾਂ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪਾਸ ਹੈ ਅਤੇ ਉਹ ਬਾਹਰ ਟ੍ਰੈਵਲ ਕਰਦੇ ਨੇ ਤਾਂ ਉਨ੍ਹਾਂ ਲਈ ਵੀ ਮੂੰਹ ਤੇ ਮਾਸਕ ਲਾਉਣਾ ਲਾਜ਼ਮੀ ਹੈ ਭਾਵੇਂ ਉਹ ਕਿਸੇ ਵੀ ਖੇਤਰ ਨਾਲ ਸਬੰਧਿਤ ਹੋਵੇ।