Punjab
ਪਟਿਆਲਾ ‘ਚ ਪ੍ਰੇਮੀ ਜੋੜੇ ਨੇ ਭਾਖੜਾ ਨਹਿਰ ‘ਚ ਮਾਰੀ ਛਾਲ, ਗੋਤਾਖੋਰਾਂ ਵਲੋਂ ਮੁੰਡੇ ਦੀ ਭਾਲ ਜਾਰੀ

ਪਟਿਆਲਾ 9 ਦਸੰਬਰ 2023: ਪੰਜਾਬ ਦੇ ਪਟਿਆਲਾ ਦੇ ਸੰਗਰੂਰ ਰੋਡ ‘ਤੇ ਸ਼ੁੱਕਰਵਾਰ ਦੁਪਹਿਰ ਭਾਖੜਾ ਨਹਿਰ ‘ਚ ਇਕ ਹੀ ਨਰਸਿੰਗ ਕਾਲਜ ‘ਚ ਪੜ੍ਹਦੇ ਇਕ ਨੌਜਵਾਨ ਅਤੇ ਇਕ ਲੜਕੀ ਨੇ ਛਾਲ ਮਾਰ ਦਿੱਤੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਨੌਜਵਾਨ ਦੀ ਭਾਲ ਜਾਰੀ ਹੈ।
ਪਸਿਆਣਾ ਥਾਣਾ ਇੰਚਾਰਜ ਕਰਨਬੀਰ ਸਿੰਘ ਸੰਧੂ ਅਨੁਸਾਰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ 24 ਸਾਲਾ ਸਰਬਜੀਤ ਕੌਰ ਵਾਸੀ ਟੋਹਾਣਾ (ਹਰਿਆਣਾ) ਵਜੋਂ ਹੋਈ ਹੈ। ਜਦੋਂਕਿ ਨੌਜਵਾਨ ਦੀਵਾਨੂਰ ਸਿੰਘ (24) ਵਾਸੀ ਤੋਪਖਾਨਾ ਮੋੜ, ਪਟਿਆਲਾ ਹੈ।
ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪਟਿਆਲਾ-ਸੰਗਰੂਰ ਰੋਡ ‘ਤੇ ਭਾਖੜਾ ਨਹਿਰ ‘ਚ ਇਕ ਲੜਕੀ ਨੇ ਛਾਲ ਮਾਰ ਦਿੱਤੀ ਹੈ | ਇਸ ਤੋਂ ਬਾਅਦ ਇੱਕ ਨੌਜਵਾਨ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਤੁਰੰਤ ਗੋਤਾਖੋਰਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਨਹਿਰ ‘ਚ ਭਾਲ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਅਨੁਸਾਰ ਦੋਵੇਂ ਦੁਪਹਿਰ ਵੇਲੇ ਨਹਿਰ ਦੇ ਕੰਢੇ ਪੁੱਜੇ ਅਤੇ ਗੱਲਬਾਤ ਦੌਰਾਨ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਬਾਅਦ ਵਿੱਚ ਨੌਜਵਾਨ ਨੇ ਵੀ ਛਾਲ ਮਾਰ ਦਿੱਤੀ।