Jalandhar
ਡਰਾਈਵਰ ਦੀ ਅੱਖ ਲੱਗਣ ਕਾਰਨ 5 ਸਾਲਾ ਬੱਚੀ ਦੀ ਗਈ ਜਾਨ, 13 ਲੋਕ ਹੋਏ ਜਖ਼ਮੀ
ਜਲੰਧਰ, 3 ਜੂਨ (ਪਰਮਜੀਤ ਰੰਗਪੁਰ): ਲੋਹੀਆ ਨੇੜੇ ਚਲਦੀ ਵਾਹਨ ਵਿੱਚ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਇੱਕ ਬੱਚੇ ਨੂੰ ਆਪਣੀ ਜ਼ਿੰਦਗੀ ਧੋਣੀ ਪਈ ਅਤੇ ਰਾਜਸਥਾਨ ਤੋਂ ਆਉਣ ਵਾਲਾ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਰਵੀ ਕੁਮਾਰ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਜਲੰਧਰ ਆ ਰਿਹਾ ਸੀ ਤਾਂ ਰਸਤੇ ਵਿਚ ਡਰਾਈਵਰ ਦੀ ਅੱਖ ਲੱਗਣ ਕਰ ਗੱਡੀ ਨਾਲ ਟੱਕਰ ਹੋ ਗਈ ਅਤੇ ਇਕ ਲੜਕੀ ਦੀ ਮੌਤ ਹੋ ਗਈ। ਜਦੋਂ ਕਿ ਕਰੀਬ 12 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਰਵੀ ਨੇ ਦੱਸਿਆ ਕਿ ਇਹ ਸਾਰੇ ਇਕ ਹੀ ਪਰਿਵਾਰ ਦੇ ਲੋਕ ਹਨ ਜੋ ਸਾਰੇ ਆਪਣੇ ਰਿਸ਼ਤੇਦਾਰਾਂ ਕੋਲ ਜਲੰਧਰ ਆ ਰਹੇ ਸਨ।
ਥਾਣਾ ਲੋਹੀਆ ਦੇ ਐਸਐਚਓ ਨੇ ਦੱਸਿਆ ਕਿ ਉਸਨੂੰ ਸਵੇਰੇ 6 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਇੱਕ ਸੜਕ ਹਾਦਸਾ ਵਾਪਰਿਆ ਹੈ ਅਤੇ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਿਆ ਜਿਥੇ ਸਿਰ ਵਿੱਚ ਸੱਟ ਲੱਗਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ। ਅਤੇ ਇੱਕ 60 ਸਾਲਾ ਬਜ਼ੁਰਗ ਦੇ ਸਿਰ ਵਿੱਚ ਵੀ ਸੱਟਾਂ ਲੱਗੀਆਂ ਸਨ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਸਿਵਲ ਹਸਪਤਾਲ ਭੇਜਿਆ ਗਿਆ ਹੈ ਅਤੇ ਕਾਰ ਵਿਚ ਲਗਭਗ 12 ਪ੍ਰਵਾਸੀ ਸਨ, ਜਿਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ।
ਐਸਐਚਓ ਨੇ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਚਾਲਕ ਦੀ ਅੱਖ ਲੱਗਣ ਕਾਰਨ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ। ਜਿਸ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।