Sports
ਭਾਰਤ 8ਵੀਂ ਵਾਰ ਬਣਿਆ ਏਸ਼ੀਆ ਕੱਪ ਚੈਂਪੀਅਨ, ਸ਼੍ਰੀਲੰਕਾ ਨੂੰ ਫਾਈਨਲ ‘ਚ 10 ਵਿਕਟਾਂ ਨਾਲ ਹਰਾਇਆ
18ਸਤੰਬਰ 2023: ਟੀਮ ਇੰਡੀਆ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।
ਮੈਚ ਦੇ ਅੰਤ ਵਿੱਚ ਬਾਕੀ ਬਚੀਆਂ ਗੇਂਦਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਟੀਮ 263 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਗਈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2001 ‘ਚ ਕੀਨੀਆ ਨੂੰ 231 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ।
ਫਾਈਨਲ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ ‘ਚ 50 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 6.1 ਓਵਰਾਂ ‘ਚ 51 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਨੇ ਸਭ ਤੋਂ ਘੱਟ ਗੇਂਦਾਂ ਖੇਡ ਕੇ ਟੀਚੇ ਦਾ ਪਿੱਛਾ ਕਰਨ ਦਾ ਆਪਣਾ ਰਿਕਾਰਡ ਵੀ ਸੁਧਾਰਿਆ ਹੈ। ਟੀਮ ਇੰਡੀਆ ਨੇ ਬੱਲੇਬਾਜ਼ੀ ਕਰਦੇ ਹੋਏ ਸਿਰਫ 37 ਗੇਂਦਾਂ ਖੇਡ ਕੇ ਮੈਚ ਜਿੱਤ ਲਿਆ। ਪਿਛਲਾ ਰਿਕਾਰਡ 69 ਗੇਂਦਾਂ ਦਾ ਸੀ। ਭਾਰਤ ਨੇ 2001 ਵਿੱਚ ਕੀਨੀਆ ਨੂੰ ਇੰਨੀਆਂ ਗੇਂਦਾਂ ਖੇਡ ਕੇ ਹਰਾਇਆ ਸੀ।