Punjab
ਇਰਾਨ ਨੇ ਅਮਰੀਕਾ ਦਾ ਬੇੜਾ ਗ਼ਰਕ ਕੀਤਾ; ਇਰਾਨ ਨੂੰ ਅਮਰੀਕੀ ਠਿਕਾਣਿਆਂ ਦੀਆਂ ਲੋਕੇਸ਼ਨਾਂ ਰੂਸ ਦੇ ਰਿਹਾ ਏ!
ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਹੁਣ ਅੱਠਵੇਂ ਦਿਨ ਵਿੱਚ ਦਾਖ਼ਲ ਹੋ ਚੁੱਕੀ ਹੈ ਅਤੇ ਮੱਧ ਪੂਰਬ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦਿਨ ਨਾਲ ਇਹ ਟਕਰਾਅ ਹੋਰ ਖ਼ਤਰਨਾਕ ਰੂਪ ਧਾਰਦਾ ਜਾ ਰਿਹਾ ਹੈ ਅਤੇ ਕਈ ਵਿਸ਼ਲੇਸ਼ਕ ਇਸਨੂੰ ਵੱਡੇ ਖੇਤਰੀ ਯੁੱਧ ਦੀ ਸ਼ੁਰੂਆਤ ਵੀ ਮੰਨ ਰਹੇ ਹਨ।
ਤਾਜ਼ਾ ਰਿਪੋਰਟਾਂ ਮੁਤਾਬਕ ਬੀਤੇ ਦਿਨ ਇਰਾਨ ਨੇ ਹੁਰਮੁਜ਼ ਦੀ ਖਾੜੀ ਨੇੜੇ ਅਮਰੀਕਾ ਦੇ ਤੇਲ ਲੈ ਕੇ ਜਾਂਦੇ ਜਹਾਜ਼ਾਂ ਦੇ ਇੱਕ ਬੇੜੇ ਨੂੰ ਨਿਸ਼ਾਨਾ ਬਣਾਇਆ ਅਤੇ ਇਸਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਇਰਾਨੀ ਮਿਸਾਈਲਾਂ ਨੇ ਅਮਰੀਕਾ ਦੇ ਮਹੱਤਵਪੂਰਨ ਜਹਾਜ਼ੀ ਬੇੜੇ ਯੂਐਸਐਸ ਅਬ੍ਰਾਹਮ ਲਿੰਕਨ ਨੂੰ ਵੀ ਨੁਕਸਾਨ ਪਹੁੰਚਾਇਆ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਬੇੜਾ ਅਮਰੀਕਾ ਦੇ ਸਭ ਤੋਂ ਤਾਕਤਵਰ ਏਅਰਕ੍ਰਾਫਟ ਕੈਰੀਅਰ ਗਰੁੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸਨੂੰ ਤੈਰਦਾ ਹਵਾਈ ਅੱਡਾ ਵੀ ਕਿਹਾ ਜਾਂਦਾ ਹੈ।
ਇਰਾਨ ਵੱਲੋਂ ਸਿਰਫ਼ ਸਮੁੰਦਰੀ ਹਮਲੇ ਹੀ ਨਹੀਂ ਕੀਤੇ ਜਾ ਰਹੇ, ਸਗੋਂ ਉਸਨੇ ਖਾੜੀ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਰਿਪੋਰਟਾਂ ਅਨੁਸਾਰ ਕੁਵੈਤ, ਕਤਰ, ਬਹਿਰੀਨ, ਯੂਏਈ ਅਤੇ ਸਾਊਦੀ ਅਰਬ ਵਿੱਚ ਸਥਿਤ ਕਈ ਅਮਰੀਕੀ ਠਿਕਾਣਿਆਂ ਉੱਤੇ ਇਰਾਨੀ ਮਿਸਾਈਲਾਂ ਨਾਲ ਹਮਲੇ ਕੀਤੇ ਗਏ ਹਨ।
ਇਸ ਜੰਗ ਨਾਲ ਜੁੜੀ ਇੱਕ ਹੋਰ ਚਰਚਿਤ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਖਾੜੀ ਦੇਸ਼ਾਂ ਵਿੱਚ ਸਥਿਤ ਫੌਜੀ ਅੱਡਿਆਂ ਦੀਆਂ ਲੋਕੇਸ਼ਨਾਂ ਇਰਾਨ ਨੂੰ ਰੂਸ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ, ਪਰ ਕਈ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਵਿੱਚ ਇਹ ਸੰਭਾਵਨਾ ਜ਼ਰੂਰ ਜਤਾਈ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਦੀ ਸ਼ੁਰੂਆਤ ਵਿੱਚ ਦਾਅਵਾ ਕੀਤਾ ਸੀ ਕਿ ਉਹ ਇਰਾਨ ਨੂੰ ਚੌਵੀ ਘੰਟਿਆਂ ਵਿੱਚ ਘੁੱਟਣਿਆਂ ‘ਤੇ ਲਿਆ ਆਉਣਗੇ, ਪਰ ਅੱਜ ਅੱਠਵੇਂ ਦਿਨ ਵੀ ਇਰਾਨ ਡਟ ਕੇ ਮੁਕਾਬਲਾ ਕਰਦਾ ਦਿਖਾਈ ਦੇ ਰਿਹਾ ਹੈ। ਇਰਾਨ ਦੇ ਲੋਕਾਂ ਵਿੱਚ ਵੀ ਡਰ ਦੀ ਬਜਾਏ ਹੌਸਲਾ ਵੇਖਣ ਨੂੰ ਮਿਲ ਰਿਹਾ ਹੈ।
CNN ਦੀ ਇੱਕ ਰਿਪੋਰਟ ਅਨੁਸਾਰ ਇਰਾਨ ਦੇ ਕਈ ਸ਼ਹਿਰਾਂ ਵਿੱਚ ਬਾਜ਼ਾਰ ਖੁੱਲ੍ਹੇ ਹੋਏ ਹਨ ਅਤੇ ਲੋਕ ਸੜਕਾਂ ‘ਤੇ ਉਤਰ ਕੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਰਾਨ ਦੇ ਅੰਦਰ ਲੋਕਾਂ ਦਾ ਮਨੋਬਲ ਅਜੇ ਵੀ ਕਾਫ਼ੀ ਉੱਚਾ ਹੈ।
ਦੂਜੇ ਪਾਸੇ ਅਮਰੀਕਾ ਦੀ ਫੌਜ ਲਈ ਇਹ ਜੰਗ ਉਮੀਦ ਨਾਲੋਂ ਜ਼ਿਆਦਾ ਮੁਸ਼ਕਲ ਸਾਬਤ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਅਮਰੀਕੀ ਫੌਜੀ ਕਮਾਂਡਰ ਹੋਰ ਫੌਜ ਅਤੇ ਵਧੇਰੇ ਅਸਲੇ ਦੀ ਮੰਗ ਕਰ ਰਹੇ ਹਨ। ਇਸ ਜੰਗ ਕਾਰਨ ਅਮਰੀਕਾ ਨੂੰ ਹੁਣ ਤੱਕ ਕਰੋੜਾਂ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਰਾਨ ਦੀਆਂ ਮਿਸਾਈਲਾਂ ਬਹੁਤ ਸਹੀ ਨਿਸ਼ਾਨਿਆਂ ‘ਤੇ ਵਾਰ ਕਰ ਰਹੀਆਂ ਹਨ ਅਤੇ ਅਮਰੀਕਾ ਦੇ ਮਿਸਾਈਲ ਰੱਖਿਆ ਪ੍ਰਣਾਲੀਆਂ ਉਨ੍ਹਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀਆਂ। ਕਈ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਇਹ ਉੱਚ ਤਕਨੀਕੀ ਮਿਸਾਈਲਾਂ ਇਰਾਨ ਨੂੰ ਚੀਨ ਵੱਲੋਂ ਮਿਲੀਆਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਰਾਨ ਨੇ ਆਪਣੀਆਂ ਮਿਸਾਈਲਾਂ ਅਤੇ ਗੋਲਾ-ਬਾਰੂਦ ਨੂੰ ਜ਼ਮੀਨ ਦੇ ਹੇਠਾਂ ਡੂੰਘੀਆਂ ਸੁਰੰਗਾਂ ਅਤੇ ਗੁਪਤ ਸਟੋਰਾਂ ਵਿੱਚ ਰੱਖਿਆ ਹੋਇਆ ਹੈ, ਜਿਸ ਕਾਰਨ ਅਮਰੀਕਾ ਲਈ ਉਨ੍ਹਾਂ ਦੀ ਸਹੀ ਲੋਕੇਸ਼ਨ ਪਤਾ ਕਰਨਾ ਕਾਫ਼ੀ ਮੁਸ਼ਕਲ ਹੋ ਰਿਹਾ ਹੈ।
ਮੌਜੂਦਾ ਹਾਲਾਤਾਂ ਵਿੱਚ ਇਰਾਨ ਇੱਕ ਪਾਸੇ ਇਜ਼ਰਾਈਲ ਅਤੇ ਅਮਰੀਕਾ ਨਾਲ ਟਕਰਾਅ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਖਾੜੀ ਦੇ ਕਈ ਦੇਸ਼ ਵੀ ਇਸ ਸੰਘਰਸ਼ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਰੂਸ ਅਤੇ ਚੀਨ ਵੱਲੋਂ ਇਰਾਨ ਨੂੰ ਲੁਕਵੀਂ ਮਦਦ ਮਿਲ ਰਹੀ ਹੈ। ਜੇਕਰ ਇਹ ਮਦਦ ਖੁੱਲ੍ਹੇ ਤੌਰ ‘ਤੇ ਸਾਹਮਣੇ ਆ ਗਈ ਅਤੇ ਇਹ ਦੋਵੇਂ ਮਹਾਂ ਸ਼ਕਤੀਆਂ ਸਿੱਧੇ ਤੌਰ ‘ਤੇ ਜੰਗ ਵਿੱਚ ਸ਼ਾਮਲ ਹੋ ਗਈਆਂ ਤਾਂ ਤੀਸਰੇ ਵਿਸ਼ਵ ਯੁੱਧ ਦੇ ਖ਼ਤਰੇ ਨੂੰ ਨਕਾਰਿਆ ਨਹੀਂ ਜਾ ਸਕਦਾ।
ਇਸ ਜੰਗ ਦਾ ਸਭ ਤੋਂ ਵੱਡਾ ਪ੍ਰਭਾਵ ਤੇਲ ਦੀ ਸਪਲਾਈ ਉੱਤੇ ਪੈ ਸਕਦਾ ਹੈ। ਖਾੜੀ ਦੇਸ਼ਾਂ ਵਿੱਚ ਹਮਲਿਆਂ ਕਾਰਨ ਕਈ ਤੇਲ ਰਿਫ਼ਾਇਨਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਟ੍ਰੇਟ ਆਫ ਹੁਰਮੁਜ਼ ਜੋ ਦੁਨੀਆ ਦੀ ਸਭ ਤੋਂ ਵੱਡੀ ਤੇਲ ਸਪਲਾਈ ਲਾਈਨ ਮੰਨੀ ਜਾਂਦੀ ਹੈ, ਉੱਥੇ ਵੀ ਇਰਾਨ ਦਾ ਪ੍ਰਭਾਵ ਵਧ ਗਿਆ ਹੈ।
ਜੇ ਇਹ ਰਸਤਾ ਪ੍ਰਭਾਵਿਤ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਤੇਲ ਦੀ ਭਾਰੀ ਕਮੀ ਹੋ ਸਕਦੀ ਹੈ ਅਤੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਸਿੱਧਾ ਪ੍ਰਭਾਵ ਭਾਰਤ ਵਰਗੇ ਦੇਸ਼ਾਂ ਦੀ ਅਰਥਵਿਵਸਥਾ ਉੱਤੇ ਵੀ ਪਵੇਗਾ। ਇਸ ਜੰਗ ਵਿੱਚ ਜਿੱਥੇ ਇਰਾਨ, ਇਜ਼ਰਾਈਲ, ਲੇਬਨਾਨ ਅਤੇ ਖਾੜੀ ਦੇ ਕਈ ਦੇਸ਼ਾਂ ਦੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉੱਥੇ ਹੀ ਵੱਡੇ ਪੱਧਰ ‘ਤੇ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਆਮ ਲੋਕਾਂ ਦੀ ਜ਼ਿੰਦਗੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਅਸੀਂ ਦੁਆ ਕਰਦੇ ਹਾਂ ਕਿ ਇਹ ਖ਼ਤਰਨਾਕ ਜੰਗ ਜਲਦੀ ਖ਼ਤਮ ਹੋਵੇ ਅਤੇ ਦੁਨੀਆ ਦੇ ਲੋਕ ਮੁੜ ਸੁੱਖ ਅਤੇ ਅਮਨ ਨਾਲ ਜੀ ਸਕਣ।

