Punjab
ਜੰਮੂ ਕਸ਼ਮੀਰ: ਸੁਰੰਗ ਦੀ ਉਸਾਰੀ ਕਰਦੇ ਮਜ਼ਦੂਰਾਂ ‘ਤੇ ਦਹਿਸ਼ਤਗਰਦਾਂ ਨੇ ਕੀਤਾ ਹਮਲਾ, 7 ਦੀ ਮੌਤ

ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਹਨ। ਇਸ ਦੇ ਚੱਲਦਿਆਂ ਹੁਣ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਇਲਾਕੇ ਵਿੱਚ ਦਹਿਸ਼ਤਗਦਾਂ ਨੇ 7 ਲੋਕਾਂ ਦੀ ਜਾਨ ਲੈ ਲਈ ਹੈ। ਇਨ੍ਹਾਂ ਵਿੱਚੋਂ ਪੰਜ ਲੋਕ ਗੈਰ ਸਥਾਨਕ ਸਨ, ਜਿਨ੍ਹਾਂ ਵਿੱਚੋਂ ਦੋ ਅਧਿਕਾਰੀ ਵਰਗ ਨਾਲ ਸਬੰਧਤ ਹਨ ਅਤੇ ਤਿੰਨ ਮਜ਼ਦੂਰ ਹਨ। ਇਨ੍ਹਾਂ ਤੋਂ ਇਲਾਵਾ ਇਸ ਹਮਲੇ ਵਿਚ ਇਕ ਸਥਾਨਕ ਡਾਕਟਰ ਦੀ ਵੀ ਮੌਤ ਹੋ ਗਈ ਹੈ। ਹਮਲੇ ‘ਚ 5 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਉਪ ਜ਼ਿਲ੍ਹਾ ਹਸਪਤਾਲ ਅਤੇ SKIMS ਸ਼੍ਰੀਨਗਰ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਮਲਾ ਨਿਰਮਾਣ ਅਧੀਨ ਇਕ ਸੁਰੰਗ ਨੇੜੇ ਹੋਇਆ।
ਸੁਰੱਖਿਆ ਬਲਾਂ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ, ਜਦਕਿ ਡੀਜੀਪੀ ਸਮੇਤ ਉੱਚ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਹਮਲੇ ਦੀ ਨਿੰਦਾ ਕੀਤੀ ਅਤੇ ਉਪ ਰਾਜਪਾਲ ਨੇ ਵੀ ਕਿਹਾ ਕਿ ਪੁਲਸ, ਫੌਜ ਅਤੇ ਸੁਰੱਖਿਆ ਬਲਾਂ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮਜ਼ਦੂਰਾਂ ‘ਤੇ ਹਮਲਾ ਕੀਤਾ ਗਿਆ ਉਹ ਜ਼ੈੱਡ ਮੋਰ ਟਨਲ ‘ਤੇ ਕੰਮ ਕਰ ਰਹੀ ਉਸਾਰੀ ਟੀਮ ਦਾ ਹਿੱਸਾ ਸਨ, ਜੋ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਗਗਨੀਰ ਨੂੰ ਸੋਨਮਰਗ ਨਾਲ ਜੋੜਦੀ ਹੈ। ਜੰਮੂ ਕਸ਼ਮੀਰ ਪੁਲਸ ਨੇ ਦੱਸਿਆ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ।