Connect with us

Punjab

ਜਵੰਦਾ ਮੌਤ ਤੋਂ ਬਾਅਦ ਵੀ ਵੈਂਟੀਲੇਟਰ ‘ਤੇ ਰਿਹਾ; MRI ਨੇ ਲਈ ਵਰਿੰਦਰ ਘੁੰਮਣ ਦੀ ਜਾਨ 

Published

on

PUNJAB : ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਸਿਸਟਮ ਦੀ, ਜੋ ਇਲਾਜ ਦੀ ਥਾਂ ਲੁੱਟ ਖਸੁੱਟ ਦਾ ਜਾਲ ਬਣ ਚੁੱਕਾ ਹੈ। ਜਿੱਥੇ ਹਸਪਤਾਲਾਂ ਦੇ ਬਾਹਰ “ਕੇਅਰ ਵਿਦ ਕੰਪੈਸ਼ਨ” ਲਿਖਿਆ ਹੈ, ਉੱਥੇ ਅੰਦਰ ਮਸ਼ੀਨਾਂ ਦੇ ਸ਼ੋਰ ਵਿੱਚ ਇਨਸਾਨੀਅਤ ਦੀ ਆਵਾਜ਼ ਦਬ ਗਈ ਹੈ। ਨਾਮੀ ਬਾਡੀ ਬਿਲਡਰ ਤੇ ਮਿਸਟਰ ਇੰਡੀਆ ਵਰਿੰਦਰ ਘੁੰਮਣ ਦੀ ਮੌਤ ਨੇ ਇਸ ਕਾਲੇ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ।

ਵਰਿੰਦਰ ਘੁੰਮਣ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਆਪ ਹੀ ਵੀਡੀਓ ਪਾ ਕੇ ਦੱਸਿਆ ਸੀ ਕਿ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਘੰਟੇ ਤੱਕ MRI ਮਸ਼ੀਨ ਵਿੱਚ ਲਿਟਾ ਕੇ ਰੱਖਿਆ ਗਿਆ। ਇਸ ਤੋਂ ਬਾਅਦ ਉਸਦੇ ਮੂੰਹ ਦਾ ਸਵਾਦ ਚਲਾ ਗਿਆ, ਚਿਹਰੇ ‘ਤੇ ਸੁੰਨਾਪਨ ਆ ਗਿਆ। ਜਦੋਂ ਉਸਨੇ ਇੱਕ ਹੋਰ ਡਾਕਟਰ ਨੂੰ ਦੱਸਿਆ ਕਿ ਉਹ MRI ਕਰਵਾ ਚੁੱਕਾ ਹੈ, ਤਾਂ ਉਸ ਡਾਕਟਰ ਨੇ ਸਿੱਧਾ ਕਿਹਾ — ਮਸ਼ੀਨ ਦੀ ਰੇਡੀਏਸ਼ਨ ਨੇ ਸਰੀਰ ਉੱਪਰ ਪ੍ਰਭਾਵ ਪਾਇਆ ਹੈ। ਸੋਚੋ, ਜਿੱਥੇ ਇਲਾਜ ਲਈ ਗਿਆ ਬੰਦਾ, ਉੱਥੋਂ ਹੀ ਵਾਪਸ ਮੌਤ ਦੇ ਸੰਮਨ ਲੈ ਕੇ ਆਇਆ।

ਵਰਿੰਦਰ ਨੇ ਆਪਣੀ ਵੀਡੀਓ ਵਿੱਚ ਸਾਫ਼ ਕਿਹਾ ਸੀ — “ਇਹ ਨਿੱਜੀ ਹਸਪਤਾਲ ਪੈਸੇ ਬਣਾਉਣ ਲਈ ਵਾਰ ਵਾਰ MRI ਕਰਦੇ ਹਨ।” ਤੇ ਸੱਚ ਵੀ ਇਹੀ ਹੈ, ਜਿੱਥੇ ਟੈਸਟ ਦੀ ਗਿਣਤੀ ਇਲਾਜ ਨਾਲੋਂ ਵੱਧ ਹੈ, ਉੱਥੇ ਜਾਨ ਦੀ ਕੀਮਤ ਕਿਸੇ ਲਈ ਕੀ ਰਹਿ ਜਾਂਦੀ ਹੈ?

ਇਹ ਸਿਰਫ਼ ਵਰਿੰਦਰ ਦੀ ਕਹਾਣੀ ਨਹੀਂ। ਇਸ ਤੋਂ ਕੁੱਝ ਦਿਨ ਪਹਿਲਾਂ ਮੋਹਾਲੀ ਵਿੱਚ ਨਿੱਜੀ ਹਸਪਤਾਲ ਦੀ ਕਾਰਗੁਜ਼ਾਰੀ ਸਾਹਮਣੇ ਆਈ — ਪੰਜਾਬ ਦਾ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋਇਆ। ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ, ਪਰ ਹਸਪਤਾਲ ਨੇ ਪੈਸੇ ਕਮਾਉਣ ਲਈ ਉਸਨੂੰ ਕਈ ਦਿਨਾਂ ਤੱਕ ਵੈਂਟੀਲੇਟਰ ‘ਤੇ ਪਾਈ ਰੱਖਿਆ। ਪਰਿਵਾਰ ਰੋ ਰਿਹਾ ਸੀ, ਪਰ ਬਿੱਲ ਵਧਦਾ ਜਾ ਰਿਹਾ ਸੀ। ਇਹ ਸਿਰਫ਼ ਇੱਕ ਮਰੀਜ਼ ਦਾ ਨਹੀਂ, ਸਾਰੇ ਸਿਸਟਮ ਦਾ ਮਾਮਲਾ ਹੈ — ਜਿੱਥੇ ਮੌਤ ਵੀ ਕਾਰੋਬਾਰ ਬਣ ਗਈ ਹੈ।

ਸਵਾਲ ਇਹ ਹੈ ਕਿ ਸਿਹਤ ਸੇਵਾ ਕਿੱਥੇ ਗੁੰਮ ਹੋ ਗਈ? ਕੀ ਕਿਸੇ MRI ਮਸ਼ੀਨ ਦੀ ਰੇਡੀਏਸ਼ਨ ਜਾਂ ਕਿਸੇ ਵੈਂਟੀਲੇਟਰ ਦੀ ਚਾਲ ਕਿਸੇ ਦੀ ਜਾਨ ਨਾਲ ਖੇਡ ਸਕਦੀ ਹੈ? ਜੇ ਹਾਂ, ਤਾਂ ਜ਼ਿੰਮੇਵਾਰ ਕੌਣ ਹੈ? — ਡਾਕਟਰ, ਹਸਪਤਾਲ ਮੈਨੇਜਮੈਂਟ ਜਾਂ ਉਹ ਸਿਸਟਮ ਜੋ ਚੁੱਪ ਹੈ?

ਅੱਜ ਪੰਜਾਬ, ਅੰਮ੍ਰਿਤਸਰ ਤੇ ਮੋਹਾਲੀ ਦੇ ਇਹ ਦੋ ਮਾਮਲੇ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਦੋਂ ਇਲਾਜ ਲਾਭ ਦਾ ਸਾਧਨ ਬਣ ਜਾਵੇ, ਤਾਂ ਮਰੀਜ਼ ਨਹੀਂ, ਇਨਸਾਨੀਅਤ ਮਰਦੀ ਹੈ। ਵਰਿੰਦਰ ਘੁੰਮਣ ਤੇ ਰਾਜਵੀਰ ਜਵੰਦਾ ਦੋਵੇਂ ਉਹ ਨਾਮ ਹਨ ਜੋ ਸਾਨੂੰ ਯਾਦ ਦਿਵਾਉਂਦੇ ਹਨ ਕਿ ਸਿਹਤ ਖੇਤਰ ਵਿੱਚ ਇਮਾਨਦਾਰੀ ਤੇ ਜ਼ਿੰਮੇਵਾਰੀ ਦੀ ਬਹੁਤ ਵੱਡੀ ਘਾਟ ਆ ਗਈ ਹੈ।

ਅੱਜ ਸਿਰਫ਼ ਸਵਾਲ ਇਹ ਨਹੀਂ ਕਿ ਇਹ ਮੌਤਾਂ ਕਿਉਂ ਹੋਈਆਂ, ਸਵਾਲ ਇਹ ਹੈ ਕਿ ਕੀ ਇਹ ਮਾਮਲਾ ਇਸੇ ਤਰ੍ਹਾਂ ਚੱਲਦਾ ਰਹੇਗਾ? ਕਿਉਂਕਿ ਜਦੋਂ ਹਸਪਤਾਲ ਇਲਾਜ ਦੀ ਥਾਂ ਕਾਰੋਬਾਰ ਦੇ ਕੇਂਦਰ ਬਣ ਜਾਂਦੇ ਹਨ, ਤਾਂ ਉੱਥੇ ਹਰ ਬੰਦਾ ਮਰੀਜ਼ ਨਹੀਂ — ਇੱਕ ਰਸੀਦ ਬਣ ਜਾਂਦਾ ਹੈ।
ਜਦ ਤੱਕ ਸਰਕਾਰ ਨਿੱਜੀ ਹਸਪਤਾਲਾਂ ਉੱਤੇ ਨਿਗਰਾਨੀ ਦਾ ਸਖ਼ਤ ਸਿਸਟਮ ਨਹੀਂ ਬਣਾਉਂਦੀ, ਜਦ ਤੱਕ ਡਾਕਟਰਾਂ ਦੇ ਮਨ ਵਿੱਚ ਰੱਬ ਦੀ ਥਾਂ ਰੁਪਏ ਵਸਦੇ ਰਹਿਣਗੇ, ਅਜਿਹੀਆਂ ਮੌਤਾਂ ਹੁੰਦੀਆਂ ਰਹਿਣਗੀਆਂ।

ਵਰਿੰਦਰ ਤੇ ਜਵੰਦਾ ਦੋਵਾਂ ਦੀ ਮੌਤ ਸਾਨੂੰ ਇਹ ਸਬਕ ਦਿੰਦੀ ਹੈ ਕਿ ਇਲਾਜ ਜਦੋਂ ਧੰਦਾ ਬਣੇ, ਤਾਂ ਮਸ਼ੀਨ ਨਹੀਂ, ਇਨਸਾਨ ਮਰਦੇ ਹਨ। ਦੋਸਤੋ ਇਨ੍ਹਾਂ ਲੁਟੇਰੇ ਲੋਕਾਂ ਵਿਰੁੱਧ ਆਵਾਜ਼ ਉਠਾਓ। ਸਰਕਾਰ ਨੂੰ ਵੀ ਜਗਾਓ ਕਿ ਉਹ ਇਨ੍ਹਾਂ ਨਿੱਜੀ ਹਸਪਤਾਲਾਂ ਉੱਪਰ ਨਿਗਰਾਨੀ ਰੱਖੇ ਅਤੇ ਸਰਕਾਰੀ ਹਸਪਤਾਲਾਂ ਦੇ ਇਲਾਜ ਦਾ ਪੱਧਰ ਵਧੀਆ ਬਣਾਇਆ ਜਾਵੇ ਅਤੇ ਹੋਰ ਹਸਪਤਾਲ ਖੋਲ੍ਹੇ ਜਾਣ ਤਾਂ ਜੋ ਲੋਕੀ ਸਰਕਾਰੀ ਹਸਪਤਾਲਾਂ ਵਿੱਚ ਲਾਈਨਾਂ ਲਗਾਉਣ ਦੇ ਡਰ ਤੋਂ ਨਿੱਜੀ ਹਸਪਤਾਲਾਂ ਵਿੱਚ ਜਾ ਕੇ ਲੁੱਟ ਖਸੁੱਟ ਦਾ ਸ਼ਿਕਾਰ ਨਾ ਹੋਣ।

 

ਕੁਲਵੰਤ ਸਿੰਘ ਗੱਗੜਪੁਰੀ