Punjab
ਕਪੂਰਥਲਾ: ਗੋਇੰਦਵਾਲ ਪੈਟਰੋਲ ਪੰਪ ਦੇ ਸੇਲਜ਼ਮੈਨ ਨੂੰ ਜ਼ਖਮੀ ਕਰਕੇ ਦੋ ਨੌਜਵਾਨ ਨਕਦੀ ਲੁੱਟ ਕੇ ਹੋਏ ਫ਼ਰਾਰ

ਕਪੂਰਥਲਾ 25 ਦਸੰਬਰ 2203: ਗੋਇੰਦਵਾਲ ਰੋਡ ‘ਤੇ ਫੱਤੂਢੀਂਗਾ ਚੁੰਗੀ ਨੇੜੇ ਦੁਆਬਾ ਪੈਟਰੋਲ ਪੰਪ ‘ਤੇ ਤੇਲ ਪਵਾਉਣ ਆਏ ਕੁੱਝ ਨੌਜਵਾਨਾਂ ਵਲੋਂ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਕਰਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਕੁੱਝ ਨੌਜਵਾਨ ਪੈਟਰੋਲ ਪੰਪ ‘ਤੇ ਮੋਟਰਸਾਈਕਲ ਵਿਚ ਤੇਲ ਪਵਾਉਣ ਲਈ ਆਏ ਅਤੇ ਇਸ ਦੌਰਾਨ ਉਨ੍ਹਾਂ ਪੰਪ ਦੇ ਇਕ ਕਰਿੰਦੇ ਸੇਲਜ਼ਮੈਨ ਗੁੱਡੂ ਪੁੱਤਰ ਰਾਧੇ ਸ਼ਿਆਮ ਨਾਲ ਬਹਿਸਬਾਜ਼ੀ ਕੀਤੀ ਤੇ ਬਾਅਦ ਵਿਚ ਚਲੇ ਗਏ | ਕੁੱਝ ਦੇਰ ਬਾਅਦ ਰਾਤ ਜਦੋਂ ਗੁੱਡੂ ਰੋਟੀ ਲੈਣ ਜਾ ਰਿਹਾ ਸੀ ਤਾਂ ਉਨ੍ਹਾਂ ਦੋ ਨੌਜਵਾਨਾਂ ਨੇ ਪੰਪ ਨੇੜੇ ਹੀ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਤੇ ਜੋ ਉਸ ਸਮੇਂ ਉਸਦੇ ਕੋਲ ਪੈਟਰੋਲ ਪੰਪ ਦੀ ਕੁੱਝ ਨਕਦੀ ਸੀ ਉਹ ਵੀ ਖ਼ੋਹ ਕੇ ਫ਼ਰਾਰ ਹੋ ਗਏ | ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ | ਜਿੱਥੇ ਡਿਊਟੀ ਡਾ. ਹਰਸਿਮਰਨ ਕੌਰ ਵਲੋਂ ਉਸਦਾ ਇਲਾਜ ਜਾਰੀ ਹੈ ਤੇ ਉਸਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |