Punjab
ਖੁੰਢ ਚਰਚਾ-“ਸਰਕਾਰ ਕੋਈ ਵੀ ਆਵੇ Middle Man ਦਾ ਤਾਂ ਇਹੀ ਕਹੀ ਕੁਹਾੜਾ ਰਹਿਣਾ ਏ”
ਬੀਤੇ ਦਿਨ ਮੈਂ ਦੇਵੀਗੜ੍ਹ ਨੇੜ੍ਹਲੇ ਇੱਕ ਪਿੰਡ ਦੀ ਸੱਥ ਵਿੱਚ ਗਿਆ ਤਾਂ ਉੱਥੇ ਚੱਲ ਰਹੀ. ਖੁੰਢ ਚਰਚਾ ਨੇ ਸ਼ਹਿਰਾਂ ਦੇ ਟੀਵੀ ਡਿਬੇਟਾਂ ਨੂੰ ਵੀ ਫਿੱਕਾ ਪਾ ਦਿੱਤਾ। ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗਾਂ ਦੀ ਗੱਲਬਾਤ ਵਿੱਚ ਜ਼ਮੀਨੀ ਹਕੀਕਤ ਦੀ ਸੁਗੰਧ ਸੀ। ਕੋਈ ਪੰਜਾਬ ਦੀ ਸਿਆਸਤ ਬਾਰੇ ਗੱਲ ਕਰ ਰਿਹਾ ਸੀ, ਕੋਈ ਬੰਬ ਧਮਾਕਿਆਂ ਅਤੇ ਜਾਂਚ ਏਜੰਸੀਆਂ ਦੀ ਕਾਰਵਾਈ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜ ਰਿਹਾ ਸੀ। ਪਰ ਇਸ ਸਾਰੀ ਚਰਚਾ ਵਿੱਚ ਸਭ ਤੋਂ ਡੂੰਘੀ ਗੱਲ ਰਿਟਾਇਰਡ ਮਾਸਟਰ ਅਤਰ ਸਿੰਘ ਨੇ ਕੀਤੀ। ਉਹ ਕਹਿੰਦੇ ਸਨ, “ਭਰਾਵੋਂ ਸਰਕਾਰ ਕਿਸੇ ਵੀ ਪਾਰਟੀ ਦੀ ਆਵੇ, Middle Man ਦਾ ਤਾਂ ਇਹੀ ਕਹੀ ਕੁਹਾੜਾ ਰਹਿਣਾ ਏ।”
ਮਾਸਟਰ ਜੀ ਦੀ ਇਹ ਗੱਲ ਸਿਰਫ਼ ਇਕ ਟਿੱਪਣੀ ਨਹੀਂ ਸੀ, ਸਗੋਂ ਅੱਜ ਦੇ ਮੱਧ ਵਰਗ ਦੀ ਪੂਰੀ ਤਸਵੀਰ ਸੀ। ਪੰਜਾਬ ਦਾ Middle Man ਅੱਜ ਸਭ ਤੋਂ ਵੱਧ ਦਬਾਅ ਹੇਠਾਂ ਜੀ ਰਿਹਾ ਹੈ। ਇਹ ਉਹ ਵਰਗ ਹੈ ਜੋ ਨਾ ਤਾਂ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਲੈ ਸਕਦਾ ਹੈ ਅਤੇ ਨਾ ਹੀ ਅਮੀਰਾਂ ਵਾਂਗ ਆਰਥਿਕ ਸੁਰੱਖਿਆ ਰੱਖਦਾ ਹੈ। ਕਿਸਾਨ, ਛੋਟਾ ਦੁਕਾਨਦਾਰ, ਪ੍ਰਾਈਵੇਟ ਨੌਕਰੀ ਕਰਨ ਵਾਲਾ, ਆਮ ਮੁਲਾਜ਼ਮ, ਛੋਟਾ ਕਾਰੋਬਾਰੀ—ਇਹ ਸਾਰੇ Middle Man ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਲੋਕ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਹਨ ਪਰ ਮਹਿੰਗਾਈ, ਟੈਕਸ ਅਤੇ ਸਮਾਜਕ ਦਿਖਾਵੇ ਦੀ ਦੌੜ ਨੇ ਇਨ੍ਹਾਂ ਦੀ ਜ਼ਿੰਦਗੀ ਔਖੀ ਕਰ ਦਿੱਤੀ ਹੈ।
ਅੱਜ ਮੱਧ ਵਰਗ ਦਾ ਸਭ ਤੋਂ ਵੱਡਾ ਭਾਰ ਮਹਿੰਗਾਈ ਹੈ। ਘਰ ਦਾ ਰਾਸ਼ਨ, ਬੱਚਿਆਂ ਦੀ ਪੜ੍ਹਾਈ, ਬਿਜਲੀ ਦੇ ਬਿੱਲ, ਪੈਟਰੋਲ, ਡੀਜ਼ਲ ਅਤੇ ਦਵਾਈਆਂ—ਹਰ ਚੀਜ਼ ਦੀ ਕੀਮਤ ਵਧ ਰਹੀ ਹੈ। ਪਰ ਆਮ ਆਦਮੀ ਦੀ ਤਨਖਾਹ ਜਾਂ ਆਮਦਨ ਉਸੇ ਰਫ਼ਤਾਰ ਨਾਲ ਨਹੀਂ ਵਧਦੀ। ਨਤੀਜਾ ਇਹ ਹੁੰਦਾ ਹੈ ਕਿ ਮਹੀਨੇ ਦੇ ਅਖੀਰ ਵਿੱਚ ਬਜਟ ਡਿੱਗ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਲੋਕ ਆਪਣੀ ਲੋੜ ਅਨੁਸਾਰ ਜੀਵਨ ਜਿਊਂਦੇ ਸਨ, ਪਰ ਹੁਣ ਸਮਾਜ ਵਿੱਚ “ਦੇਖੋ-ਦੇਖੀ” ਦੀ ਦੌੜ ਨੇ ਮੱਧ ਵਰਗ ਨੂੰ ਕਰਜ਼ਿਆਂ ਵਿੱਚ ਧੱਕ ਦਿੱਤਾ ਹੈ।
ਕੋਈ ਆਪਣੀ ਇੱਜ਼ਤ ਬਣਾਈ ਰੱਖਣ ਲਈ ਮਹਿੰਗੀ ਗੱਡੀ ਲੈ ਰਿਹਾ ਹੈ, ਕੋਈ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾ ਰਿਹਾ ਹੈ, ਕੋਈ ਨਵਾਂ ਮੋਬਾਈਲ ਅਤੇ ਵੱਡਾ ਘਰ ਬਣਾਉਣ ਦੀ ਦੌੜ ਵਿੱਚ ਹੈ। ਬੈਂਕਾਂ ਅਤੇ ਫਾਇਨੈਂਸ ਕੰਪਨੀਆਂ ਨੇ EMI ਵਾਲਾ ਜੀਵਨ ਆਮ ਕਰ ਦਿੱਤਾ ਹੈ। ਘਰ ਦੀ ਕਿਸ਼ਤ, ਗੱਡੀ ਦੀ ਕਿਸ਼ਤ, ਮੋਬਾਈਲ ਦੀ ਕਿਸ਼ਤ—Middle Man ਦੀ ਅੱਧੀ ਤਨਖਾਹ ਤਾਂ ਮਹੀਨੇ ਦੀਆਂ ਕਿਸ਼ਤਾਂ ਵਿੱਚ ਹੀ ਨਿਕਲ ਜਾਂਦੀ ਹੈ।
ਕਿਸਾਨ ਵਰਗ ਵੀ ਇਸੇ ਦਬਾਅ ਹੇਠਾਂ ਹੈ। ਖੇਤੀ ਦੇ ਖਰਚੇ ਵਧਦੇ ਜਾ ਰਹੇ ਹਨ। ਡੀਜ਼ਲ, ਖਾਦ, ਬੀਜ, ਸਪਰੇਅ ਅਤੇ ਮਸ਼ੀਨਰੀ ਦੀ ਕੀਮਤ ਲਗਾਤਾਰ ਵਧ ਰਹੀ ਹੈ, ਪਰ ਫਸਲ ਦਾ ਮੁੱਲ ਉਸ ਅਨੁਸਾਰ ਨਹੀਂ ਮਿਲਦਾ। ਉੱਪਰੋਂ ਸਮਾਜਕ ਰਿਵਾਜ—ਵਿਆਹਾਂ ਵਿੱਚ ਖਰਚੇ, ਦਿਖਾਵਾ ਅਤੇ ਰਿਸ਼ਤੇਦਾਰੀਆਂ ਦੀ ਹੋੜ—ਇਹ ਸਭ ਕਿਸਾਨ ਨੂੰ ਕਰਜ਼ਿਆਂ ਵੱਲ ਧੱਕਦੇ ਹਨ।
ਛੋਟਾ ਵਪਾਰੀ ਵੀ ਬਚਿਆ ਨਹੀਂ। ਆਨਲਾਈਨ ਕੰਪਨੀਆਂ ਅਤੇ ਵੱਡੇ ਮਾਲਾਂ ਦੇ ਆਉਣ ਨਾਲ ਛੋਟੀਆਂ ਦੁਕਾਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। GST ਅਤੇ ਹੋਰ ਟੈਕਸਾਂ ਦੀਆਂ ਜਟਿਲਤਾਵਾਂ ਨੇ ਛੋਟੇ ਵਪਾਰੀਆਂ ਦੀ ਮੁਸ਼ਕਲ ਹੋਰ ਵਧਾ ਦਿੱਤੀ ਹੈ। ਇੱਕ ਪਾਸੇ ਸਰਕਾਰ ਟੈਕਸ ਲੈਂਦੀ ਹੈ, ਦੂਜੇ ਪਾਸੇ ਮਾਰਕੀਟ ਵਿੱਚ ਮੁਕਾਬਲਾ ਇੰਨਾ ਵਧ ਗਿਆ ਹੈ ਕਿ ਛੋਟੇ ਵਪਾਰੀ ਦੀ ਬਚਤ ਘੱਟਦੀ ਜਾ ਰਹੀ ਹੈ।
ਮੱਧ ਵਰਗ ਉੱਪਰ ਇੱਕ ਹੋਰ ਵੱਡਾ ਭਾਰ ਸਮਾਜਕ ਦਬਾਅ ਦਾ ਹੈ। ਜੇ ਬੱਚੇ ਨੂੰ ਵਿਦੇਸ਼ ਨਾ ਭੇਜਿਆ ਜਾਵੇ ਤਾਂ ਲੋਕ ਸਵਾਲ ਕਰਦੇ ਹਨ, ਜੇ ਵਿਆਹ ਵਿੱਚ ਵੱਡਾ ਪੈਲੇਸ ਨਾ ਲਾਇਆ ਜਾਵੇ ਤਾਂ ਇੱਜ਼ਤ ਘੱਟ ਮੰਨੀ ਜਾਂਦੀ ਹੈ। ਇਸ ਦਿਖਾਵੇ ਦੀ ਸੱਭਿਆਚਾਰ ਨੇ ਲੋਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਕਮਜ਼ੋਰ ਕਰ ਦਿੱਤੀ ਹੈ। ਅੱਜ Middle Man ਆਪਣੀ ਜ਼ਿੰਦਗੀ ਘੱਟ ਅਤੇ ਸਮਾਜ ਦੀ ਉਮੀਦਾਂ ਵੱਧ ਜੀ ਰਿਹਾ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਸਰਕਾਰ ਚੋਣਾਂ ਵੇਲੇ ਮੱਧ ਵਰਗ ਨੂੰ ਸੁਪਨੇ ਦਿਖਾਉਂਦੀ ਹੈ। ਕੋਈ ਰੋਜ਼ਗਾਰ ਦੇ ਵਾਅਦੇ ਕਰਦਾ ਹੈ, ਕੋਈ ਮਹਿੰਗਾਈ ਘਟਾਉਣ ਦੀ ਗੱਲ ਕਰਦਾ ਹੈ, ਕੋਈ ਟੈਕਸ ਘਟਾਉਣ ਦੀ। ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਭਾਰ ਵੀ ਇਸੇ ਵਰਗ ਉੱਪਰ ਪੈਂਦਾ ਹੈ। ਅਮੀਰ ਆਪਣਾ ਰਸਤਾ ਕੱਢ ਲੈਂਦੇ ਹਨ, ਗਰੀਬ ਲਈ ਕੁਝ ਸਕੀਮਾਂ ਆ ਜਾਂਦੀਆਂ ਹਨ, ਪਰ Middle Man ਨਾ ਪੂਰਾ ਗਰੀਬ ਹੁੰਦਾ ਹੈ ਅਤੇ ਨਾ ਹੀ ਅਮੀਰ। ਇਸ ਕਰਕੇ ਉਹ ਹਰ ਪਾਸੇ ਤੋਂ ਪਿਸਦਾ ਰਹਿੰਦਾ ਹੈ।
ਪਿੰਡ ਦੀ ਸੱਥ ਵਿੱਚ ਮਾਸਟਰ ਅਤਰ ਸਿੰਘ ਦੀ ਇਹ ਗੱਲ ਸੁਣ ਕੇ ਸਾਰੇ ਕੁੱਝ ਸਮੇਂ ਲਈ ਚੁੱਪ ਹੋ ਗਏ। ਕਿਉਂਕਿ ਸੱਚ ਕਈ ਵਾਰੀ ਬਹੁਤ ਸਧਾਰਨ ਸ਼ਬਦਾਂ ਵਿੱਚ ਨਿਕਲਦਾ ਹੈ। ਅੱਜ ਪੰਜਾਬ ਹੀ ਨਹੀਂ, ਪੂਰੇ ਦੇਸ਼ ਦਾ Middle Man ਇਸੇ ਚਿੰਤਾ ਵਿੱਚ ਜੀ ਰਿਹਾ ਹੈ ਕਿ ਸਰਕਾਰਾਂ ਬਦਲ ਜਾਂਦੀਆਂ ਹਨ, ਚਿਹਰੇ ਬਦਲ ਜਾਂਦੇ ਹਨ, ਨਾਅਰੇ ਬਦਲ ਜਾਂਦੇ ਹਨ, ਪਰ ਉਸਦੀ ਜ਼ਿੰਦਗੀ ਦਾ ਸੰਘਰਸ਼ ਓਥੇ ਦਾ ਓਥੇ ਹੀ ਰਹਿੰਦਾ ਹੈ।

