Punjab
ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ‘ਕਵਿਤਾ ਪਾਠ’ ਦਾ ਆਯੋਜਨ ਕੀਤਾ
ਪਟਿਆਲਾ, 20 ਦਸੰਬਰ:
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:), ਪਟਿਆਲਾ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ‘ਚ ‘ਕਵਿਤਾ ਪਾਠ’ ਦਾ ਆਯੋਜਨ ਕੀਤਾ ਗਿਆ। ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਭਾਸ਼ਾਵਾਂ ਕਰਮਜੀਤ ਕੌਰ ਦੀ ਅਗਵਾਈ ‘ਚ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਵਲੋਂ ਕਰਵਾਏ ‘ਕਵਿਤਾ ਪਾਠ’ ਦੌਰਾਨ ਗਿਆਨ ਸਹਿਤ ਸਾਧਨਾ ਮੰਚ ਦੇ ਪ੍ਰਧਾਨ ਜੀ.ਐੱਸ. ਅਨੰਦ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਕਿਹਾ ‘ਕਿ ਗੁਰੂ ਸਾਹਿਬਾਨਾਂ ਦੀ ਯਾਦ ਵਿਚ ਅਜਿਹੇ ਸਾਹਿਤਕ ਸਮਾਗਮ ਕਰਨਾ ਸਾਡੀ ਵਿਰਾਸਤ ਦਾ ਹਿੱਸਾ ਹਨ।’
ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਉਤੇ ਸ਼ੋਕ ਕਵਿਤਾਵਾਂ ਦਾ ਪਾਠ ਜਸਵਿੰਦਰ ਖਾਰਾ, ਕੁਲਵੰਤ ਸੈਦੋਕੇ, ਸੁਖਮਿੰਦਰ ਸੇਖੋਂ , ਡਾ. ਸੁਰਜੀਤ ਸਿੰਘ ਖੁਰਮਾ, ਗੁਰਦਰਸ਼ਨ ਗੁਸੀਲ, ਆਸ਼ਾ ਸ਼ਰਮਾ, ਤਰਲੋਚਨ ਮੀਰ, ਰਾਜਵਿੰਦਰ ਜਟਾਨਾ, ਐਡਵੋਕੇਟ ਐਸ.ਪੀ. ਸਿੰਘ, ਰਮਨਦੀਪ ਵਿਰਕ ਵਲੋਂ ਕੀਤਾ ਗਿਆ।
ਇਸ ਮੌਕੇ ਚੰਦਨਦੀਪ ਕੌਰ ਨੇ ਬੋਲਦਿਆਂ ਕਿਹਾ ”ਕਿ ਛੋਟੇ ਸਾਹਿਬਜ਼ਾਦਿਆਂ ਨੇ ਮੁਗਲ ਹਕੂਮਤ ਦੇ ਜਬਰ ਸਾਹਵੇਂ ਸਬਰ, ਸਿਦਕ ਤੇ ਸਿਰੜ ਨਾਲ ਟਾਕਰਾ ਕਰਦਿਆਂ ਬਹੁਤ ਛੋਟੀ ਉਮਰ ਵਿਚ ਸ਼ਹਾਦਤਾਂ ਦਿੱਤੀਆਂ ਸਨ ਅਤੇ ਇਸੇ ਕਰਕੇ ਉਹ ਅਮਰ ਹਨ। ਮੰਚ ਸੰਚਾਲਨ ਦੀ ਭੂਮਿਕਾ ਉਘੇ ਸਾਹਿਤਕਾਰ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਈ। ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਨੇ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਾਸ਼ਾ ਵਿਭਾਗ ਦੇ ਪਰਵੀਨ ਕੁਮਾਰ, ਸਹਾਇਕ ਡਾਇਰੈਕਟਰ, ਨਵਨੀਤ ਕੌਰ ਅਤੇ ਸੁਰੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਏ।