Connect with us

Punjab

ਸੇਵਾ ਕੇਂਦਰਾਂ ‘ਚ NRI ਦਸਤਾਵੇਜ਼ ਤਸਦੀਕ ਸੇਵਾ ਸ਼ੁਰੂ

Published

on

sewa kendar


ਪਟਿਆਲਾ : ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੇਵਾ ਕੇਂਦਰਾਂ ‘ਚ ਨਾਗਰਿਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕਰਨ ਵੱਲ ਇਕ ਹੋਰ ਕਦਮ ਪੁੱਟਦਿਆਂ ਹੁਣ ਐਨ.ਆਰ.ਆਈਜ਼. ਦੇ ਦਸਤਾਵੇਜ਼ ਤਸਦੀਕ ਕਰਵਾਉਣ ਦੀ ਸਹੂਲਤ ਵੀ ਸੇਵਾ ਕੇਂਦਰ ‘ਚ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਐਨ.ਆਰ.ਆਈ ਦੇ ਦਸਤਾਵੇਜ਼ ਤਸਦੀਕ ‘ਚ ਮੈਰਿਜ ਸਰਟੀਫਿਕੇਟ, ਜਨਮ ਸਰਟੀਫਿਕੇਟ, ਪੁਲਿਸ ਕਲੀਐਂਰਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਮੈਰਿਜ ਅਬਿਲਟੀ ਸਰਟੀਫਿਕੇਟ, ਵਿੱਦਿਅਕ ਸਰਟੀਫਿਕੇਟ ਸਮੇਤ ਹੋਰਨਾਂ ਜ਼ਰੂਰੀ ਦਸਤਾਵੇਜ਼ਾਂ ਦੇ ਤਸਦੀਕ ਕਰਨ ਦੀ ਸੇਵਾ ਹੁਣ ਪਟਿਆਲਾ ਜ਼ਿਲ੍ਹੇ ‘ਚ ਚੱਲ ਰਹੇ ਸਾਰੇ 41 ਸੇਵਾ ਕੇਂਦਰ ‘ਚ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਈ. ਗਵਰਨੈਂਸ ਕੋਆਰਡੀਨੇਟਰ ਰੋਬਿਨ ਸਿੰਘ ਨੇ ਨਵੀਂ ਸ਼ੁਰੂ ਹੋਈ ਸਰਵਿਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਨ.ਆਰ.ਆਈ ਸੈਲ ਪੰਜਾਬ ਵੱਲੋਂ ਦਸਤਾਵੇਜ਼ ਦੇ ਤਸਦੀਕ ਕਰਨ ਦੀ ਜੋ ਸੇਵਾ ਸ਼ੁਰੂ ਕੀਤੀ ਗਈ ਹੈ, ਉਸ ਤਹਿਤ ਅੰਬੈਸੀਆਂ ਵੱਲੋਂ ਵਰਕ ਵੀਜ਼ਾ ਤੇ ਟੂਰਸਿਟ ਵੀਜ਼ਾ ਸਮੇਤ ਹੋਰਨਾਂ ਵੀਜ਼ਿਆਂ ਸਮੇਂ ਤਸਦੀਕਸ਼ੁਦਾ ਸਰਟੀਫਿਕੇਟਾਂ ਦੀ ਮੰਗ ਕੀਤੀ ਜਾਂਦੀ ਹੈ, ਜਿਸ ਲਈ ਨਾਗਰਿਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ, ਜੋ ਹੁਣ ਪਟਿਆਲਾ ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ ‘ਚ ਸਹੂਲਤ ਪ੍ਰਾਪਤ ਹੋ ਜਾਵੇਗੀ।

ਉਨ੍ਹਾਂ ਦੱਸਿਆ ਐਨ.ਆਰ.ਆਈ ਦਸਤਾਵੇਜ਼ ਤਸਦੀਕ ਕਰਵਾਉਣ ਸਮੇਂ ਪ੍ਰਾਰਥੀ ਆਪਣੇ ਨੇੜਲੇ ਸੇਵਾ ਕੇਂਦਰ ‘ਚ ਦਸਤਾਵੇਜ਼ ਜਮ੍ਹਾਂ ਕਰਵਾ ਸਕਦਾ ਹੈ ਅਤੇ ਸਰਟੀਫਿਕੇਟ ਤਸਦੀਕ ਹੋਣ ਉਪਰੰਤ ਐਸ.ਐਮ.ਐਸ. ਆਉਣ ‘ਤੇ ਸੇਵਾ ਕੇਂਦਰ ‘ਚੋਂ ਤਸਦੀਕਸ਼ੁਦਾ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਸਕਦੇ ਹਨ।