Connect with us

Punjab

ਕਿਤੇ ਇੰਝ ਨਾ ਹੋਵੇ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਡੇ ਨੇਤਾ ਮੀਟਿੰਗ-ਮੀਟਿੰਗ ਖੇਡਦੇ ਰਹਿਣ ਤੇ ਵਰਕਰ ਭੱਜਣੇ ਸ਼ੁਰੂ ਹੋ ਜਾਣ !

Published

on

ਅਕਾਲੀ ਦਲ ਪੁਨਰ ਸੁਰਜੀਤ ਨੂੰ ਹੋਲੇ ਮੁਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਕਾਨਫਰੰਸ ਵਿੱਚ ਲੋਕਾਂ ਵੱਲੋਂ ਮਿਲਿਆ ਹੁੰਗਾਰਾ ਨਿਸ਼ਚਿਤ ਤੌਰ ‘ਤੇ ਇਸ ਨਵੇਂ ਧੜੇ ਲਈ ਇੱਕ ਉਮੀਦ ਦੀ ਕਿਰਨ ਬਣ ਸਕਦਾ ਸੀ। ਲੰਮੇ ਸਮੇਂ ਤੋਂ ਅਕਾਲੀ ਰਾਜਨੀਤੀ ਵਿੱਚ ਚੱਲ ਰਹੀ ਉਲਝਣ ਦੇ ਦੌਰ ਵਿੱਚ ਲੋਕ ਵੀ ਇੱਕ ਨਵਾਂ ਵਿਕਲਪ ਦੇਖਣਾ ਚਾਹੁੰਦੇ ਹਨ ਅਤੇ ਉਸ ਦਿਨ ਦੇ ਇਕੱਠ ਨੇ ਇਹ ਸੰਕੇਤ ਵੀ ਦਿੱਤੇ ਕਿ ਜੇਕਰ ਇਹ ਧੜਾ ਸੁਚੱਜੀ ਰਣਨੀਤੀ ਨਾਲ ਅੱਗੇ ਵਧੇ ਤਾਂ ਪੰਜਾਬ ਦੀ ਸਿਆਸਤ ਵਿੱਚ ਆਪਣੀ ਥਾਂ ਬਣਾਉਣ ਦਾ ਮੌਕਾ ਬਣ ਸਕਦਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਪਾਰਟੀ ਦੇ ਵੱਡੇ ਨੇਤਾ ਇਸ ਮੌਕੇ ਨੂੰ ਸਮਝ ਰਹੇ ਹਨ ਜਾਂ ਨਹੀਂ। ਕਿਉਂਕਿ ਹੁਣ ਤੱਕ ਜੋ ਤਸਵੀਰ ਸਾਹਮਣੇ ਆ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਜ਼ਮੀਨੀ ਪੱਧਰ ‘ਤੇ ਸੰਗਠਨ ਖੜ੍ਹਾ ਕਰਨ ਦੀ ਬਜਾਇ ਵੱਡੇ ਆਗੂ ਮੀਟਿੰਗਾਂ ਵਿੱਚ ਹੀ ਜ਼ਿਆਦਾ ਰੁੱਝੇ ਹੋਏ ਹਨ।

ਬੀਤੇ ਦਿਨ ਪਰਮਿੰਦਰ ਸਿੰਘ ਢੀਂਡਸਾ ਦੇ ਘਰ ਹੋਈ ਮੀਟਿੰਗ ਨੂੰ ਲੈ ਕੇ ਭਾਵੇਂ ਪ੍ਰਮੁੱਖ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਇਹ ਸਿਰਫ਼ ਸਵਰਗੀ ਸ. ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਮਨਾਉਣ ਬਾਰੇ ਵਿਚਾਰ ਕਰਨ ਲਈ ਸੀ, ਪਰ ਸਿਆਸੀ ਹਲਕਿਆਂ ਵਿੱਚ ਇਹ ਗੱਲ ਵੀ ਚੱਲ ਰਹੀ ਹੈ ਕਿ ਇਸ ਮੀਟਿੰਗ ਵਿੱਚ ਪਾਰਟੀ ਦੇ ਅੰਦਰੂਨੀ ਮਸਲਿਆਂ ‘ਤੇ ਵੀ ਗੰਭੀਰ ਗੱਲਬਾਤ ਹੋਈ। ਪਾਰਟੀ ਦੇ ਨਾਰਾਜ਼ ਆਗੂਆਂ ਨੂੰ ਮਨਾਉਣ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਪੰਜ ਮੈਂਬਰੀ ਕਮੇਟੀ ਬਣਾਉਣ ਵਰਗੇ ਸੁਝਾਵਾਂ ‘ਤੇ ਵੀ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਇਕਬਾਲ ਸਿੰਘ ਝੂੰਦਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਕਈ ਤਜਰਬੇਕਾਰ ਨੇਤਾ ਹਾਜ਼ਰ ਸਨ। ਇਹ ਸਾਰੇ ਨੇਤਾ ਆਪਣੇ ਆਪਣੇ ਤਜਰਬੇ ਅਤੇ ਪ੍ਰਭਾਵ ਕਰਕੇ ਅਕਾਲੀ ਰਾਜਨੀਤੀ ਵਿੱਚ ਇੱਕ ਵੱਡਾ ਨਾਮ ਰੱਖਦੇ ਹਨ, ਪਰ ਇਹ ਵੀ ਹਕੀਕਤ ਹੈ ਕਿ ਜਦੋਂ ਇੱਕ ਪਾਰਟੀ ਵਿੱਚ ਬਹੁਤ ਸਾਰੇ “ਵੱਡੇ ਨੇਤਾ” ਇਕੱਠੇ ਹੋਣ ਤਾਂ ਕਈ ਵਾਰ ਨੇਤ੍ਰਿਤਵ ਦੀ ਸਪੱਸ਼ਟਤਾ ਘੱਟ ਹੋ ਜਾਂਦੀ ਹੈ।

ਇਸ ਵੇਲੇ ਅਕਾਲੀ ਦਲ ਪੁਨਰ ਸੁਰਜੀਤ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਲੋਕਾਂ ਵਿੱਚ ਇੱਕ ਮਜ਼ਬੂਤ ਅਤੇ ਇਕਜੁੱਟ ਪਾਰਟੀ ਦੀ ਛਵੀ ਬਣਾਵੇ। ਜੇ ਲੋਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਪਾਰਟੀ ਦੇ ਅੰਦਰ ਹੀ ਸਹਿਮਤੀ ਨਹੀਂ ਹੈ ਅਤੇ ਹਰ ਆਗੂ ਆਪਣੀ ਆਪਣੀ ਲਕੀਰ ਖਿੱਚ ਰਿਹਾ ਹੈ ਤਾਂ ਇਹ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਵਰਕਰ ਉਹਨਾਂ ਪਾਰਟੀਆਂ ਨਾਲ ਖੜ੍ਹਦੇ ਹਨ ਜਿੱਥੇ ਉਨ੍ਹਾਂ ਨੂੰ ਸਾਫ਼ ਨੇਤ੍ਰਿਤਵ ਅਤੇ ਦਿਸ਼ਾ ਦਿਖਾਈ ਦਿੰਦੀ ਹੈ।

ਇਸਦੇ ਉਲਟ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਸਿਆਸੀ ਸਰਗਰਮੀ ਲਗਾਤਾਰ ਵਧਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਮਿਲਦਾ ਹੁੰਗਾਰਾ ਇਹ ਸੰਕੇਤ ਦੇ ਰਿਹਾ ਹੈ ਕਿ ਬਾਦਲ ਧੜਾ ਆਪਣਾ ਖੋਇਆ ਆਧਾਰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਵਾਰ-ਵਾਰ ਅਕਾਲੀ ਏਕਤਾ ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਸ ਨਾਲ ਕਈਆਂ ਨੂੰ ਇਹ ਉਮੀਦ ਬਣਦੀ ਹੈ ਕਿ ਕਦੇ ਨਾ ਕਦੇ ਇਹ ਧੜੇ ਮੁੜ ਇਕੱਠੇ ਹੋ ਸਕਦੇ ਹਨ। ਪਰ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਕੁਝ ਆਗੂਆਂ ਬਾਰੇ ਕੜੇ ਬਿਆਨ ਵੀ ਆਏ ਹਨ, ਜਿਵੇਂ ਕਿ ਮਨਪ੍ਰੀਤ ਸਿੰਘ ਇਆਲੀ ਬਾਰੇ ਉਨ੍ਹਾਂ ਦਾ ਕਹਿਣਾ ਕਿ ਉਹ ਵਾਪਸ ਆਉਣਾ ਚਾਹੁਣ ਤਾਂ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਬਿਆਨ ਸਿਆਸੀ ਸਮੀਕਰਨਾਂ ਨੂੰ ਹੋਰ ਪੇਚੀਦਾ ਕਰ ਦਿੰਦੇ ਹਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੀ ਸਭ ਤੋਂ ਵੱਡੀ ਕਮਜ਼ੋਰੀ ਇਸ ਦਾ ਢਾਂਚਾ ਹੈ। ਪਾਰਟੀ ਵਿੱਚ ਬਹੁਤ ਸਾਰੇ ਅਜਿਹੇ ਆਗੂ ਹਨ ਜੋ ਲੰਮੇ ਸਮੇਂ ਤੱਕ ਵੱਡੀਆਂ ਜ਼ਿੰਮੇਵਾਰੀਆਂ ‘ਤੇ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਇੱਕ ਵੱਖਰੇ ਕੱਦ ਦਾ ਨੇਤਾ ਸਮਝਦੇ ਹਨ। ਇਸ ਕਰਕੇ ਕਈ ਵਾਰ ਇਹ ਅਹਿਸਾਸ ਵੀ ਬਣ ਜਾਂਦਾ ਹੈ ਕਿ ਪਾਰਟੀ ਵਿੱਚ ਇਕਜੁੱਟ ਲੀਡਰਸ਼ਿਪ ਦੀ ਘਾਟ ਹੈ। ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਕਈ ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਸਿਆਸੀ ਤਜਰਬੇ ਦੇ ਮਾਮਲੇ ਵਿੱਚ ਹੋਰ ਨੇਤਾਵਾਂ ਨਾਲੋਂ ਘੱਟ ਹਨ। ਪਰ ਇਹ ਗੱਲ ਖੁਦ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਚੁੱਕੇ ਹਨ ਕਿ ਉਹ ਸਿਆਸਤ ਦੇ ਮਾਹਿਰ ਨਹੀਂ ਹਨ। ਇਸ ਦੇ ਬਾਵਜੂਦ ਜਦੋਂ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੈ ਤਾਂ ਬਾਕੀ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਨਾਲ ਟੀਮ ਵਾਂਗ ਕੰਮ ਕਰਨ।

ਇਸ ਵੇਲੇ ਜੇਕਰ ਅਕਾਲੀ ਦਲ ਪੁਨਰ ਸੁਰਜੀਤ ਨੇ ਸੱਚਮੁੱਚ ਪੰਜਾਬ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਵਿਕਲਪ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਅੰਦਰੂਨੀ ਸਿਆਸਤ ਨੂੰ ਸੰਭਾਲਣਾ ਪਵੇਗਾ। ਮੀਟਿੰਗਾਂ ਕਰਨਾ ਮਾੜੀ ਗੱਲ ਨਹੀਂ ਹੁੰਦੀ, ਪਰ ਮੀਟਿੰਗਾਂ ਦਾ ਨਤੀਜਾ ਜ਼ਮੀਨ ‘ਤੇ ਵੀ ਦਿਖਾਈ ਦੇਣਾ ਚਾਹੀਦਾ ਹੈ। ਵਰਕਰਾਂ ਨੂੰ ਸਪੱਸ਼ਟ ਦਿਸ਼ਾ ਮਿਲਣੀ ਚਾਹੀਦੀ ਹੈ ਕਿ ਪਾਰਟੀ ਦੀ ਅਗਲੀ ਯੋਜਨਾ ਕੀ ਹੈ, ਕਿਹੜੇ ਮੁੱਦਿਆਂ ‘ਤੇ ਲੋਕਾਂ ਵਿਚ ਜਾਣਾ ਹੈ ਅਤੇ ਸੰਗਠਨ ਨੂੰ ਕਿਵੇਂ ਵਧਾਉਣਾ ਹੈ।

ਜੇਕਰ ਇਹ ਸਾਰਾ ਸਮਾਂ ਸਿਰਫ਼ ਰੁੱਸਿਆਂ ਨੂੰ ਮਨਾਉਣ, ਅੰਦਰੂਨੀ ਖਿੱਚਤਾਣ ਅਤੇ ਕਮੇਟੀਆਂ ਬਣਾਉਣ ਵਿੱਚ ਹੀ ਲੰਘ ਗਿਆ ਤਾਂ ਸੰਭਵ ਹੈ ਕਿ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਵਰਕਰ ਨਿਰਾਸ਼ ਹੋ ਜਾਣ। ਵਰਕਰਾਂ ਨੂੰ ਮੈਦਾਨ ਵਿੱਚ ਕੰਮ ਕਰਨ ਦਾ ਮੌਕਾ ਨਾ ਮਿਲੇ ਤਾਂ ਉਹ ਹੌਲੀ-ਹੌਲੀ ਦੂਰ ਹੋਣ ਲੱਗਦੇ ਹਨ। ਸਿਆਸਤ ਵਿੱਚ ਖਾਲੀ ਜਗ੍ਹਾ ਕਦੇ ਲੰਮੇ ਸਮੇਂ ਲਈ ਖਾਲੀ ਨਹੀਂ ਰਹਿੰਦੀ; ਜੇਕਰ ਇੱਕ ਪਾਰਟੀ ਉਸ ਨੂੰ ਭਰਨ ਵਿੱਚ ਦੇਰ ਕਰੇ ਤਾਂ ਦੂਜੀ ਪਾਰਟੀ ਉਸ ਨੂੰ ਤੁਰੰਤ ਭਰ ਲੈਂਦੀ ਹੈ।

ਇਸ ਲਈ ਅਕਾਲੀ ਦਲ ਪੁਨਰ ਸੁਰਜੀਤ ਦੇ ਨੇਤਾਵਾਂ ਲਈ ਇਹ ਸਮਾਂ ਬਹੁਤ ਨਾਜ਼ੁਕ ਹੈ। ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਲੋਕਾਂ ਦਾ ਹੁੰਗਾਰਾ ਸਦਾ ਲਈ ਨਹੀਂ ਹੁੰਦਾ; ਜੇ ਉਸ ਨੂੰ ਸਮੇਂ ‘ਤੇ ਕੈਸ਼ ਨਾ ਕੀਤਾ ਜਾਵੇ ਤਾਂ ਉਹ ਹੌਲੀ-ਹੌਲੀ ਠੰਡਾ ਪੈ ਜਾਂਦਾ ਹੈ। ਜੇਕਰ ਪਾਰਟੀ ਦੇ ਸਾਰੇ ਆਗੂ ਆਪਣੇ ਅਹੰਕਾਰ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕੰਮ ਕਰਨ ਅਤੇ ਆਪਣੇ ਆਪ ਨੂੰ “ਨਿਮਾਣੇ ਸਿਪਾਹੀ” ਵਾਂਗ ਸਮਝਣ ਤਾਂ ਇਹ ਪਾਰਟੀ ਅੱਗੇ ਵਧ ਸਕਦੀ ਹੈ। ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਵੱਡੇ ਨੇਤਾ ਮੀਟਿੰਗਾਂ ਕਰਦੇ ਰਹਿਣ ਅਤੇ ਜਿਨ੍ਹਾਂ ਵਰਕਰਾਂ ਦੇ ਸਹਾਰੇ ਪਾਰਟੀ ਖੜ੍ਹੀ ਹੋਣੀ ਸੀ ਉਹ ਹੀ ਹੌਲੀ-ਹੌਲੀ ਦੂਰ ਹੋਣ ਲੱਗ ਪੈਣ।

ਕੁਲਵੰਤ ਸਿੰਘ ਗੱਗੜਪੁਰੀ