Connect with us

Punjab

‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

Published

on

sanjay singh.jpg 1

ਲੁਧਿਆਣਾ : ‘ਆਪ’ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਲੁਧਿਆਣਾ ਜ਼ਿਲਾ ਅਦਾਲਤ ਨੇ ਸੰਜੇ ਸਿੰਘ ਦੇ ਖਿਲਾਫ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ। ਹੁਣ ਉਸਨੂੰ ਖੁਦ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਜਾਂ ਪੁਲਿਸ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ। ਦਰਅਸਲ, ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਮਾਮਲੇ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਸੰਜੇ ਸਿੰਘ ਲੰਮੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸਨ।

ਸੋਮਵਾਰ ਨੂੰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕ੍ਰਾਸ ਇੰਗਜ਼ਾਮਿਨੇਸ਼ਨ ਹੋਣਾ ਸੀ ਲੇਕਿਨ ਸੰਜੇ ਸਿੰਘ ਨੇ ਇਸ ਤੋਂ ਇੰਨਕਾਰ ਕਰ ਦਿੱਤਾ। ਇਸ ‘ਤੇ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਸੰਜੇ ਸਿੰਘ ਦੇ ਖਿਲਾਫ ਮਾਣਹਾਨੀ ਦਾ ਕੇਸ 2016 ਵਿੱਚ ਬਿਕਰਮ ਸਿੰਘ ਮਜੀਠੀਆ ਨੇ ਦਾਇਰ ਕੀਤਾ ਸੀ। ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਇਸ ਕੇਸ ਦੇ ਗਵਾਹ ਹਨ।

ਇਸ ਮਾਮਲੇ ਵਿੱਚ ਹੁਣ ਤੱਕ ਅਦਾਲਤ ਵਿੱਚ 71 ਤਰੀਕਾਂ ਪੈ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸੰਜੇ ਸਿੰਘ ਸਿਰਫ ਚਾਰ ਵਾਰ ਅਦਾਲਤ ਵਿੱਚ ਪੇਸ਼ ਹੋਏ ਹਨ। ਅੱਜ ਵੀ ਜਦੋਂ ਉਸ ਦਾ ਵਕੀਲ ਅਦਾਲਤ ਵਿੱਚ ਆਇਆ ਤਾਂ ਜੱਜ ਨੇ ਸੰਜੇ ਸਿੰਘ ਦੀ ਮੌਜੂਦਗੀ ਬਾਰੇ ਪੁੱਛਿਆ। ਸੰਜੇ ਸਿੰਘ ਦੀ ਗੈਰ -ਮੌਜੂਦਗੀ ਵਿੱਚ, ਜੱਜ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਸੰਸਦ ਮੈਂਬਰ ਨੂੰ 17 ਸਤੰਬਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।

ਸੰਜੇ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਵਿੱਚ ਮੋਗਾ ਵਿੱਚ ਇੱਕ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸ਼ਾ ਤਸਕਰ ਦੱਸਿਆ ਸੀ। ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ। ਸੰਜੇ ਸਿੰਘ ਦੇ ਖਿਲਾਫ 2016 ਵਿੱਚ ਹੀ ਦੋਸ਼ ਤੈਅ ਕੀਤੇ ਗਏ ਸਨ।