Gurdaspur
ਮਿਲਕਫੈੱਡ ਦੇ ਡਾਇਰੈਕਟਰ ਨੇ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੀ ਟੀਮ ਨਾਲ ਝਗੜੇ ਤੋਂ ਬਾਅਦ ਕੀਤੀ ਖੁਦਕੁਸ਼ੀ

ਗੁਰਦਾਸਪੁਰ, 12 ਮਈ ( ਗੁਰਪ੍ਰੀਤ ਸਿੰਘ): ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਝਗੜੇ ‘ਤੇ ਪੁਲਿਸ ਨੇ ਮਿਲਕ ਫੈਡ ਦੇ ਡਾਇਰੈਕਟਰ ਅਤੇ ਉਸ ਦੇ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਜਿਸ ਤੋਂ ਬਾਅਦ ਉਸਨੇ ਘਰ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸਰਵਨ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਕਿ ਅਲੀਵਾਲ ਦੇ ਨੇੜੇ ਮਿਲਕ ਫੈਡ ਦਾ ਡਾਇਰੈਕਟਰ ਹੈ, ਆਪਣੇ ਪੁੱਤਰ ਨਾਲ ਗੁਰਦਾਸਪੁਰ ਵਿਖੇ ਮੀਟਿੰਗ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ ਕਿ ਉਸ ਦੀ ਕਾਰ ਡੀਐਫਐਸਓ ਦੀ ਕਾਰ ਨਾਲ ਟਕਰਾ ਗਈ। ਜਿਸ ਕਾਰਨ ਸਰਵਣ ਸਿੰਘ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀਆਂ ਨਾਲ ਝਗੜਾ ਹੋ ਗਿਆ। ਝਗੜਾ ਇਨ੍ਹਾਂ ਵੱਧ ਗਿਆ ਕਿ ਉਨ੍ਹਾਂ ਦੀ ਆਪਸ ਵਿੱਚ ਮਾਰਕੁੱਟ ਵੀ ਹੋ ਗਈ। ਜਿਸ ਤੋਂ ਬਾਅਦ ਬਟਾਲਾ ਦੇ ਉਪ ਖੁਰਾਕ ਅਤੇ ਸਪਲਾਈ ਅਧਿਕਾਰੀ ਨੇ ਥਾਨਾ ਸਦਰ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਦੁਆਰਾ ਸਰਵਣ ਸਿੰਘ ਅਤੇ ਉਸ ਦੇ ਪੁੱਤਰ ‘ਤੇ ਧਾਰਾ 353, 186, 332,ਅਤੇ 333 ਦੇ ਤਹਿਤ ਮਾਮਲਾ ਦਰਜ ਕੀਤਾ।

ਸਰਵਣ ਸਿੰਘ ਦੀ ਪਤਨੀ ਨੇ ਕਿਹਾ ਕਿ ਜਦੋਂ ਉਹ ਘਰ ਆਏ ਤਾਂ ਉਸਦੇ ਪਤੀ ਅਤੇ ਬੇਟੇ ਨੂੰ ਸੱਟਾਂ ਲੱਗੀਆਂ ਸਨ। ਪਤੀ ਨੇ ਕਿਹਾ ਕਿ ਭੋਜਨ ਅਤੇ ਸਿਵਲ ਸਪਲਾਈ ਅਧਿਕਾਰੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਧਮਕੀਆਂ ਦਿੱਤੀਆਂ ਹਨ। ਇਸ ਅਪਮਾਨ ਨਾਲ ਉਸ ਨੂੰ ਦੁੱਖ ਹੋਇਆ ਅਤੇ ਉਸ ਨੇ ਕਮਰੇ ਦੇ ਅੰਦਰ ਜ਼ਾ ਕੇ ਜ਼ਹਿਰ ਨਿਗਲ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਰਮਨਜੀਤ ਕੌਰ ਨੇ ਨਿਆਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਵਿਚ ਜੋ ਕੁਝ ਸਾਹਮਣੇ ਆਇਆ ਹੈ ਉਸ ਅਨੁਸਾਰ ਅਗਲੇਰੀ ਜਾਂਚ ਕਾਨੂੰਨੀ ਤੌਰ ‘ਤੇ ਕੀਤੀ ਜਾਵੇਗੀ।
ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਮੈਂਬਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੈਮਰੇ ਸਾਹਮਣੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।