Punjab
ਨਕਲੀ ਬੀਜਾਂ ਦੇ ਮਾਮਲੇ ‘ਤੇ ਮੰਤਰੀ ਧਾਲੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ, ਕਿਸਾਨਾਂ ਲਈ ਕਰਤੇ ਵੱਡੇ ਐਲਾਨ

ਚੰਡੀਗੜ੍ਹ : ਅੱਜ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਕਿਹਾ ਕਿ ਹੁਣ ਕਿਸੇ ਵੀ ਕਿਸਾਨ ਦੀ ਫ਼ਸਲ ਦਾ ਨਕਲੀ ਬੀਜ ਕਾਰਨ ਨੁਕਸਾਨ ਨਹੀਂ ਹੋਵੇਗਾ। ਉਨਾਂ ਕਿਹਾ ਕਿ ਇਸ ਦੇ ਲਈ ਇਕ ਐਪ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਨਾਲ ਕਿਸਾਨ ਦੀ ਲੁੱਟ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਉਹੀ ਫ਼ਸਲ ਬੀਜਾਂਗੇ, ਜੋ ਪੰਜਾਬ ਅਤੇ ਸਰਕਾਰ ਦੇ ਹਿੱਤ ‘ਚ ਹੋਵੇਗੀ, ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਪੰਜਾਬ ‘ਚ ਖੇਤੀਬਾੜੀ ਨੀਤੀ ਬਣ ਜਾਵੇਗੀ ਅਤੇ ਇਸ ਦੇ ਲਈ 11 ਮੈਂਬਰੀ ਕਮੇਟੀ ਤਿਆਰ ਕੀਤੀ ਗਈ ਹੈ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਤੇ ਕਿਹਾ ਕੀ 12 ਫਰਵਰੀ ਨੂੰ ਪੰਜਾਬ ਸਰਕਾਰ ਕਿਸਾਨ ਮਿਲਣੀ ਸਮਾਰੋਹ ਕਰਵਾ ਰਹੀ ਹੈ, ਜੋ ਕਿ ਲੁਧਿਆਣਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸੂਬੇ ਦਾ ਆਪਣਾ ਅਧਿਕਾਰ ਹੈ ਕਿ ਕਿਹੜੇ ਬੀਜ ਨੂੰ ਮਾਨਤਾ ਦੇਣੀ ਅਤੇ ਕਿਹੜੇ ਨੂੰ ਨਹੀਂ ਅਤੇ ਸਭ ਕੁੱਝ ਕੇਂਦਰ ਸਰਕਾਰ ਦੇ ਮੁਤਾਬਕ ਨਹੀਂ ਹੋ ਸਕਦਾ। ਧਾਲੀਵਾਲ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗੇਗਾ ਕਿ ਕੋਈ ਏਜੰਸੀ ਜਾਂ ਵਿਅਕਤੀ ਨਕਲੀ ਬੀਜ ਵੇਚ ਰਿਹਾ ਹੈ ਤਾਂ ਅਸੀਂ ਉਸ ‘ਤੇ ਕਾਰਵਾਈ ਕਰਾਂਗੇ। ਇਸ ਮੌਕੇ ਉਨਾਂ ਦੱਸਿਆ ਕਿ ਪਹਿਲਾਂ ਬੀਜ ਵਾਲੀਆਂ ਫੈਕਟਰੀਆਂ ਜਾਂ ਕੰਪਨੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਦਿੰਦੀਆਂ ਸਨ। ਇਸ ਲਈ ਐਪ ਲਾਂਚ ਕੀਤੀ ਗਈ ਹੈ ਤਾਂ ਜੋ ਕਿਸਾਨ ਗਲਤ ਬੀਜ ਆਪਣੇ ਪੈਲੀ ‘ਚ ਬੀਜੇਗਾ ਹੀ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਨਕਲੀ ਦਵਾਈ ਅਤੇ ਨਕਲੀ ਬੀਜ ਨਹੀਂ ਵਿਕਣ ਦੇਣੇ ਅਤੇ ਕੇਂਦਰ ਸਰਕਾਰ ਧੱਕੇ ਨਾਲ ਅਜਿਹੇ ਬੀਜ ਨਹੀਂ ਵਿਕਵਾ ਸਕਦੀ।