Punjab
ਨਵੇਂ ਸਾਲ ਮੌਕੇ ਮੋਹਾਲੀ ਪ੍ਰਸ਼ਾਸਨ ਅਲਰਟ ਮੋਡ , DC ਕੋਮਲ ਮਿੱਤਲ ਵੱਲੋਂ ਸਖਤ ਆਦੇਸ਼ ਜਾਰੀ
ਨਵੇਂ ਸਾਲ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਜੇਕਰ ਕੋਈ ਪਾਰਟੀਆਂ ਕੀਤੀਆਂ ਜਾਣ ਤਾਂ ਉਹ ਇਨਡੋਰ ਰੱਖੀਆਂ ਜਾਣ ਅਤੇ ਦੇਰ ਰਾਤ ਡਰਾਈਵਿੰਗ ਕਰਨ ਤੋਂ ਪਰਹੇਜ਼ ਕੀਤਾ ਜਾਵੇ, ਕਿਉਂਕਿ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ।
ਡੀਸੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਹੁੜਦੰਗਬਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਾਊਂਡ ਪੋਲਿਊਸ਼ਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰਵਜਨਿਕ ਥਾਵਾਂ ‘ਤੇ ਸ਼ਰਾਬ ਪੀਣ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਅਤੇ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਜਾਂ ਪੀਣ ਦੇ ਮਾਮਲਿਆਂ ‘ਤੇ ਵੀ ਖ਼ਾਸ ਨਜ਼ਰ ਰੱਖੀ ਜਾਵੇਗੀ।
ਡੀਸੀ ਕੋਮਲ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਦਾ ਜਸ਼ਨ ਸ਼ਾਂਤੀ ਅਤੇ ਮਰਿਆਦਾ ਨਾਲ ਮਨਾਇਆ ਜਾਵੇ ਤਾਂ ਜੋ ਕਿਸੇ ਹੋਰ ਵਿਅਕਤੀ ਨੂੰ ਕੋਈ ਤਕਲੀਫ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਲੱਬਾਂ ਜਾਂ ਫਾਰਮ ਹਾਊਸਾਂ ਵਿੱਚ ਪਾਰਟੀਆਂ ਕਰਨ ਤੋਂ ਪਹਿਲਾਂ ਸੰਬੰਧਿਤ ਐਸਡੀਐਮ, ਪੁਲਿਸ ਅਤੇ ਪ੍ਰਦੂਸ਼ਣ ਨਿਯੰਤਰਣ ਬੋਰਡ ਤੋਂ ਪਰਮਿਸ਼ਨ ਲੈਣੀ ਲਾਜ਼ਮੀ ਹੋਵੇਗੀ।
ਪਰਮਿਸ਼ਨ ਮਿਲਣ ਤੋਂ ਬਾਅਦ ਵੀ ਜੇਕਰ ਪਾਰਟੀ ਦੌਰਾਨ ਕਿਸੇ ਕਿਸਮ ਦੀ ਹੁੱਲੜਬਾਜ਼ੀ ਹੁੰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪ੍ਰਬੰਧਕ ਦੀ ਹੋਵੇਗੀ। ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ ਵਿੱਚ ਮਿਊਜ਼ਿਕ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
