Punjab
ਨਵੇਂ ਸਾਲ ਦੀਆਂ ਨਵੀਆਂ ਸੰਭਾਵਨਾਵਾਂ – ਪੰਜਾਬ ਦੀ ਸਿਆਸਤ ਕਿਹੜੀ ਦਿਸ਼ਾ ਲਏਗੀ ?
ਕੁੱਝ ਘੰਟਿਆਂ ਬਾਅਦ ਨਵਾਂ ਸਾਲ 2026 ਸ਼ੁਰੂ ਹੋਣ ਜਾ ਰਿਹਾ ਹੈ ਅਤੇ 2025 ਇਤਿਹਾਸ ਦਾ ਹਿੱਸਾ ਬਣ ਜਾਵੇਗਾ। ਆਮ ਤੌਰ ’ਤੇ ਨਵਾਂ ਸਾਲ ਉਮੀਦਾਂ, ਸੁਪਨਿਆਂ ਅਤੇ ਨਵੀਆਂ ਸ਼ੁਰੂਆਤਾਂ ਦਾ ਪ੍ਰਤੀਕ ਹੁੰਦਾ ਹੈ, ਪਰ ਪੰਜਾਬ ਦੀ ਸਿਆਸਤ ਲਈ 2026 ਸਿਰਫ਼ ਨਵਾਂ ਕੈਲੰਡਰੀ ਵਰ੍ਹਾ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਲੈ ਜਾਣ ਵਾਲਾ ਫੈਸਲਾਕੁਨ ਦੌਰ ਹੈ। ਇਸੇ ਕਾਰਨ ਆਉਂਦਾ ਸਾਲ ਸਿਆਸੀ ਤੌਰ ’ਤੇ ਬਹੁਤ ਗਰਮ ਰਹਿਣ ਦੇ ਆਸਾਰ ਹਨ ਅਤੇ ਹਰ ਪਾਰਟੀ ਆਪਣੀ ਰਣਨੀਤੀ ਨਵੇਂ ਸਿਰੇ ਨਾਲ ਤਿਆਰ ਕਰਦੀ ਨਜ਼ਰ ਆਵੇਗੀ।
ਮੌਜੂਦਾ ਹਾਲਾਤਾਂ ’ਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਨਵੇਂ ਸਾਲ ’ਚ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਤੇਜ਼ ਕਰਨ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਕੋਸ਼ਿਸ਼ ਹੋਰ ਵੱਧ ਸਕਦੀ ਹੈ। ਇਹ ਵੀ ਸੱਚ ਹੈ ਕਿ ਸਰਕਾਰ ਦੇ ਖ਼ਿਲਾਫ਼ ਮੁੱਦੇ ਮੌਜੂਦ ਹਨ ਪਰ ਵਿਰੋਧੀ ਧਿਰਾਂ ਦੀ ਅੰਦਰੂਨੀ ਗੁੱਟਬੰਦੀ ਅਤੇ ਕਲੇਸ਼ ਕਾਰਨ ਉਹ ਇਨ੍ਹਾਂ ਮੁੱਦਿਆਂ ਨੂੰ ਸੂਚੱਜੇ ਢੰਗ ਨਾਲ ਲੋਕਾਂ ਅੱਗੇ ਰੱਖਣ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋ ਸਕੀਆਂ। ਨਵੇਂ ਸਾਲ ਵਿੱਚ ਇਹੀ ਸਭ ਤੋਂ ਵੱਡਾ ਸਵਾਲ ਰਹੇਗਾ ਕਿ ਕੀ ਵਿਰੋਧੀ ਪਾਰਟੀਆਂ ਆਪਣੀ ਅੰਦਰੂਨੀ ਲੜਾਈ ਤੋਂ ਬਾਹਰ ਨਿਕਲ ਕੇ ਸਰਕਾਰ ਨੂੰ ਸਖ਼ਤ ਚੁਣੌਤੀ ਦੇ ਸਕਣਗੀਆਂ ਜਾਂ ਨਹੀਂ।
ਕਾਂਗਰਸ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਸਾਬਤ ਕੀਤਾ ਸੀ ਕਿ ਪੰਜਾਬ ਦੀ ਜਨਤਾ ਅਜੇ ਵੀ ਉਸਨੂੰ ਇੱਕ ਵੱਡੇ ਵਿਕਲਪ ਵਜੋਂ ਦੇਖਦੀ ਹੈ, ਪਰ ਗੁੱਟਬੰਦੀ ਨੇ ਉਸਦੀ ਤਾਕਤ ਨੂੰ ਕਾਫ਼ੀ ਹੱਦ ਤੱਕ ਘਟਾਇਆ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਇਹ ਦਰਸਾਉਂਦੀ ਹੈ ਕਿ ਪਾਰਟੀ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਅਤੇ ਵਿਰੋਧੀ ਧਿਰਾਂ ਵਿੱਚ ਅਹਿਮ ਸਥਾਨ ਰੱਖਦੀ ਹੈ। ਨਵਾਂ ਸਾਲ ਕਾਂਗਰਸ ਲਈ ਵੀ ਇਕ ਇਮਤਿਹਾਨ ਹੋਵੇਗਾ ਕਿ ਕੀ ਉਹ ਅੰਦਰੂਨੀ ਕਲੇਸ਼ ਨੂੰ ਪਿੱਛੇ ਛੱਡ ਕੇ ਇਕਜੁੱਟ ਹੋ ਸਕਦੀ ਹੈ ਜਾਂ ਨਹੀਂ।
ਦੂਜੇ ਪਾਸੇ ਅਕਾਲੀ ਦਲ ਬਾਦਲ 2017 ਤੋਂ ਲੈ ਕੇ ਲਗਾਤਾਰ ਸਿਆਸੀ ਢਲਾਣ ’ਤੇ ਰਿਹਾ ਹੈ, ਪਰ ਹਾਲੀਆ ਸਮੇਂ ਦੌਰਾਨ ਕੁਝ ਚੋਣ ਨਤੀਜਿਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਦਲ ਦੋਫਾੜ ਹੋਣ ਦੇ ਬਾਵਜੂਦ ਹਾਲੇ ਵੀ ਜ਼ਿੰਦਾ ਹੈ। ਤਰਨਤਾਰਨ ਜ਼ਿਮਨੀ ਚੋਣ ਅਤੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਮੌਜੂਦਗੀ ਨੇ ਇਹ ਦਰਸਾ ਦਿੱਤਾ ਹੈ ਕਿ ਉਹ ਅਜੇ ਵੀ ਸੂਬੇ ਦੀ ਸਿਆਸਤ ਵਿੱਚ ਤੀਜੀ ਵੱਡੀ ਤਾਕਤ ਵਜੋਂ ਖੜ੍ਹਾ ਰਹਿ ਸਕਦਾ ਹੈ। ਟਕਸਾਲੀ ਆਗੂਆਂ ਦੇ ਜਾਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਲੈ ਕੇ ਉਠੇ ਵਿਵਾਦਾਂ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਹੌਲੀ-ਹੌਲੀ ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਵੇਂ ਸਾਲ ਵਿੱਚ ਇਹ ਕੋਸ਼ਿਸ਼ ਹੋਰ ਤੇਜ਼ ਹੋ ਸਕਦੀ ਹੈ।
ਇਸ ਸਭ ਦੇ ਦਰਮਿਆਨ ਨਵੇਂ ਅਕਾਲੀ ਦਲ ਦੀ ਸਥਾਪਨਾ ਨੂੰ ਕਈ ਲੋਕਾਂ ਨੇ ਵੱਡੀ ਸਿਆਸੀ ਘਟਨਾ ਵਜੋਂ ਦੇਖਿਆ ਸੀ। ਗਿਆਨੀ ਹਰਪ੍ਰੀਤ ਸਿੰਘ ਵਰਗੀ ਸਨਮਾਨਿਤ ਧਾਰਮਿਕ ਹਸਤੀ ਦੀ ਅਗਵਾਈ ਹੇਠ ਬਣੇ ਇਸ ਦਲ ਤੋਂ ਉਮੀਦਾਂ ਜ਼ਰੂਰ ਸਨ, ਪਰ ਅਜੇ ਤੱਕ ਇਹ ਦਲ ਪੰਜਾਬ ਦੀ ਜਨਤਾ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਿਰਫ਼ ਬਾਦਲ ਦਲ ਦੀ ਆਲੋਚਨਾ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਜਨਤਾ ਨੂੰ ਇੱਕ ਸਪੱਸ਼ਟ ਸਿਆਸੀ ਵਿਜ਼ਨ ਅਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਜੋ ਨਵੇਂ ਅਕਾਲੀ ਦਲ ਵੱਲੋਂ ਅਜੇ ਤੱਕ ਸਾਫ਼ ਤੌਰ ’ਤੇ ਸਾਹਮਣੇ ਨਹੀਂ ਆ ਸਕੀ।
ਨਵੇਂ ਸਾਲ ਵਿੱਚ ਸਭ ਤੋਂ ਵੱਡੀ ਸਿਆਸੀ ਚਰਚਾ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗਠਜੋੜ ਨੂੰ ਲੈ ਕੇ ਰਹਿ ਸਕਦੀ ਹੈ। ਕਾਫ਼ੀ ਸਮੇਂ ਤੋਂ ਭਾਜਪਾ ਇਹ ਦੇਖ ਰਹੀ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਦਾ ਕਿਹੜਾ ਧੜਾ ਪ੍ਰਵਾਨਿਤ ਹੈ ਪਰ ਹੁਣ ਇਹ ਧਾਰਣਾ ਬਣਦੀ ਜਾ ਰਹੀ ਹੈ ਕਿ ਬਾਦਲ ਦਲ ਨਵੇਂ ਅਕਾਲੀ ਦਲ ਨਾਲੋਂ ਕਿਤੇ ਵੱਧ ਮਜ਼ਬੂਤ ਹੈ। ਜੇਕਰ ਕੇਂਦਰ ਸਰਕਾਰ ਨਵੇਂ ਸਾਲ ਵਿੱਚ ਪੰਜਾਬ ਲਈ ਕੁੱਝ ਅਹਿਮ ਅਤੇ ਲੋਕਪ੍ਰਿਯ ਫੈਸਲੇ ਕਰਦੀ ਹੈ ਤਾਂ ਅਕਾਲੀ-ਭਾਜਪਾ ਗਠਜੋੜ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਬਣ ਸਕਦਾ ਹੈ।
ਅਸਲ ਵਿੱਚ ਪੰਜਾਬ ਦੀ ਜਨਤਾ ਦਾ ਮੂਡ ਅਕਸਰ ਅਨੁਮਾਨ ਤੋਂ ਬਾਹਰ ਹੁੰਦਾ ਹੈ। ਕਦੇ ਲੋਕ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀਆਂ ਹਸਤੀਆਂ ਨੂੰ ਨਕਾਰ ਦਿੰਦੇ ਹਨ ਅਤੇ ਕਦੇ ਵਿਵਾਦਤ ਚਿਹਰਿਆਂ ਨੂੰ ਜਿਤਾ ਦਿੰਦੇ ਹਨ। ਇਹ ਸਭ ਇਸ ਗੱਲ ਦਾ ਸੰਕੇਤ ਹੈ ਕਿ ਸਿੱਖ ਕੌਮ ਅਤੇ ਪੰਜਾਬ ਦੀ ਜਨਤਾ ਇੱਕ ਮਜ਼ਬੂਤ, ਇਮਾਨਦਾਰ ਅਤੇ ਮੁੱਦਿਆਂ ਦੀ ਗੱਲ ਕਰਨ ਵਾਲੀ ਲੀਡਰਸ਼ਿਪ ਦੀ ਭਾਲ ਵਿੱਚ ਹੈ। ਨਵਾਂ ਸਾਲ 2026 ਇਸ ਭਾਲ ਨੂੰ ਹੋਰ ਤੇਜ਼ ਕਰੇਗਾ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਨਵਾਂ ਸਾਲ ਪੰਜਾਬ ਦੀ ਸਿਆਸਤ ਲਈ ਨਵੀਆਂ ਸੰਭਾਵਨਾਵਾਂ, ਨਵੇਂ ਗਠਜੋੜਾਂ ਅਤੇ ਨਵੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੀ ਇਹ ਸਾਲ ਸਿਆਸੀ ਸਥਿਰਤਾ ਲਿਆਏਗਾ ਜਾਂ ਹੋਰ ਉਲਝਣਾਂ ਪੈਦਾ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਨਵੇਂ ਸਾਲ ਦੀ ਆਮਦ ’ਤੇ ਸਮੂੰਹ ਦੇਸ਼ ਵਾਸੀਆਂ ਨੂੰ ਦਿਲੋਂ ਮੁਬਾਰਕਾਂ , ਨਵਾਂ ਸਾਲ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।

