Uncategorized
ਛੋਟੇ ਹਾਥੀ ਦੇ ਡਰਾਈਵਰ ਦੀ ਲਾਸ਼ ਦਰਿਆ ‘ਚ ਸੁਟਣ ਵਾਲਾ ਮੌਕੇ ‘ਤੇ ਹੋਇਆ ਗ੍ਰਿਫਤਾਰ

ਥਾਣਾ ਬਿਆਸ ਦੀ ਪੁਲਿਸ ਨੇ ਛੋਟਾ ਹਾਥੀ ਦੇ ਡਰਾਈਵਰ ਦੀ ਲਾਸ਼ ਦਰਿਆ ਵਿਚ ਸੁੱਟਣ ਵਾਲੇ ਵਿਅਕਤੀ ਨੂੰ ਮੌਕੇ ਉਤੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਧਰਮਿੰਦਰ ਸਿੰਘ ਪਿੰਡ ਭਲਾਈਪੁਰ ਪੂਰਬਾਂ ਥਾਣਾ ਮਹਿਤਾ ਵਜੋਂ ਹੋਈ ਹੈ। ਥਾਣਾ ਬਿਆਸ ਦੀ ਐਸਐਚਓ ਐਸਆਈ ਪਰਮਿੰਦਰ ਕੌਰ ਨੇ ਦੱਸਿਆ ਕਿ ਏਐੱਸਆਈ ਮਹਿੰਦਰ ਸਿੰਘ ਮੰਗਲਵਾਰ ਸ਼ਾਮ ਆਪਣੇ ਸਾਥੀ ਮੁਲਾਜ਼ਮਾਂ ਨਾਲ ਬਿਆਸ ਪੁਲ ਉਤੇ ਸਪੈਸ਼ਲ ਨਾਕੇ ਉਤੇ ਤਾਇਨਾਤ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਵਿਅਕਤੀ ਨੂੰ ਛੋਟਾ ਹਾਥੀ ਰੋਕ ਕੇ ਇਕ ਵਿਅਕਤੀ ਨੂੰ ਖਿੱਚ ਕੇ ਬਾਹਰ ਸੁੱਟ ਦਰਿਆ ਵਿੱਚ ਸੁੱਟਦਿਆਂ ਵੇਖਿਆ। ਉਨ੍ਹਾਂ ਭੱਜ ਕੇ ਮੌਕੇ ਉਤੇ ਜਾ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਧਰਵਿੰਦਰ ਸਿੰਘ ਪਿੰਡ ਭਲਾਈਪੁਰ ਪੁਰਬਾਂ ਵਜੋਂ ਹੋਈ। ਮੁਲਜ਼ਮ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕਰਨ ਉਤੇ ਉਸ ਨੇ ਦੱਸਿਆ ਕਿ ਉਹ ਨੌਕਰੀ ਦੀ ਭਾਲ ਵਿਚ ਜਲੰਧਰ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਉਕਤ ਛੋਟਾ ਹਾਥੀ ਵਾਲੇ ਕੋਲੋਂ ਲਿਫਟ ਲੈ ਲਈ। ਰਸਤੇ ਵਿਚ ਜਾ ਕੇ ਉਸ ਦੀ ਨੀਅਤ ਖ਼ਰਾਬ ਹੋ ਗਈ ਤੇ ਉਸ ਨੇ ਛੋਟਾ ਹਾਥੀ ਖੋਹਣ ਦਾ ਮਨ ਬਣਾ ਲਿਆ। ਉਸ ਨੇ ਛੋਟੇ ਹਾਥੀ ਵਿਚ ਪਿਆ ਟਾਇਰ ਖੋਲ੍ਹਣ ਵਾਲਾ ਪਾਨਾ ਆਪਣੇ ਹੱਥ ਵਿਚ ਲੈ ਲਿਆ ਅਤੇ ਜਦੋਂ ਛੋਟਾ ਹਾਥੀ ਬਿਆਸ ਦਰਿਆ ਦੇ ਪੁਲ ਉਤੇ ਪਹੁੰਚਿਆ ਤਾਂ ਪਾਨੇ ਨਾਲ ਵਾਰ ਕਰ ਕੇ ਡਰਾਈਵਰ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਦਰਿਆ ਵਿਚ ਸੁੱਟ ਦਿੱਤਾ।
ਪੁਲਿਸ ਮੁਲਾਜ਼ਮਾਂ ਵੱਲੋਂ ਗੱਡੀ ਦੀ ਤਲਾਸ਼ੀ ਲੈਣ ਉਤੇ ਮਿਲੇ ਮੋਬਾਇਲ ਫੋਨ ਉਤੇ ਆ ਰਹੀ ਕਾਲ ਨੂੰ ਸੁਣ ਉਤੇ ਸੁਗੰਦੀ ਦੇਵੀ ਪਤਨੀ ਵਿਨੋਦ ਕੁਮਾਰ ਗੁਪਤਾ ਵਾਸੀ ਮੁੰਡੀਆਂ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਇਹ ਛੋਟਾ ਹਾਥੀ ਉਸ ਦੇ ਪਤੀ ਵਿਨੋਦ ਕੁਮਾਰ ਦਾ ਹੈ ਜੋ ਉਹ ਲੈ ਕੇ ਕੰਮ ਉਤੇ ਗਿਆ ਹੋਇਆ ਸੀ। ਥਾਣਾ ਬਿਆਸ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਇਸੇ ਦੌਰਾਨ ਡਰਾਈਵਰ ਦੀ ਲਾਸ਼ ਦੀ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।