Connect with us

Punjab

ਵਰਕਰਾਂ ‘ਚ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਮਗਰੋਂ- ਸੁੰਨਾ ਸੁੰਨਾ ਲੱਗ ਰਿਹਾ ਏ ਕਾਂਗਰਸ ਭਵਨ! 

Published

on

ਪੰਜਾਬ ਕਾਂਗਰਸ ਨੂੰ ਨਵਾਂ ਸੂਬਾ ਪ੍ਰਧਾਨ ਮਿਲ ਗਿਆ ਹੈ। ਪ੍ਰਗਟ ਸਿੰਘ ਨੂੰ ਪਾਰਟੀ ਦੀ ਕਮਾਨ ਸੌਂਪੇ ਜਾਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਉਹ ਕਾਂਗਰਸ ਨੂੰ ਮੁੜ ਮਜ਼ਬੂਤ ਕਰਨ ਵਿੱਚ ਕਿੰਨੇ ਕਾਮਯਾਬ ਹੁੰਦੇ ਹਨ। ਪਰ ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਕਾਂਗਰਸ ਭਵਨ ਦਾ ਜੋ ਮਾਹੌਲ ਨਜ਼ਰ ਆ ਰਿਹਾ ਹੈ, ਉਹ ਕਾਂਗਰਸ ਲਈ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਕਾਂਗਰਸ ਭਵਨ ਵਿੱਚ ਪਹਿਲਾਂ ਵਾਲੀ ਰੌਣਕ ਨਜ਼ਰ ਨਹੀਂ ਆ ਰਹੀ ਅਤੇ ਵਰਕਰਾਂ ਵਿੱਚ ਉਹ ਜੋਸ਼ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਦੀ ਉਮੀਦ ਇਸ ਸਮੇਂ ਕੀਤੀ ਜਾ ਰਹੀ ਸੀ।
ਸਵਾਲ ਇਹ ਹੈ ਕਿ ਆਖਿਰ ਅਜਿਹਾ ਕਿਉਂ ਹੈ? ਕੀ ਕਾਂਗਰਸ ਦੇ ਵਰਕਰ ਪ੍ਰਗਟ ਸਿੰਘ ਨੂੰ ਦਿਲੋਂ ਪ੍ਰਧਾਨ ਵਜੋਂ ਸਵੀਕਾਰ ਨਹੀਂ ਕਰ ਰਹੇ ਜਾਂ ਫਿਰ ਪਾਰਟੀ ਦੇ ਅੰਦਰ ਹੀ ਕੋਈ ਅਜਿਹਾ ਸਿਆਸੀ ਸਮੀਕਰਨ ਚੱਲ ਰਿਹਾ ਹੈ ਜਿਸ ਦਾ ਅਸਰ ਹੇਠਲੇ ਪੱਧਰ ਦੇ ਵਰਕਰਾਂ ‘ਤੇ ਵੀ ਪੈ ਰਿਹਾ ਹੈ? ਇਹ ਗੱਲ ਸਾਫ਼ ਤੌਰ ‘ਤੇ ਕਹਿਣੀ ਮੁਸ਼ਕਲ ਹੈ, ਪਰ ਮਾਹੌਲ ਨੂੰ ਦੇਖਦਿਆਂ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਪ੍ਰਧਾਨ ਬਦਲਣ ਨਾਲ ਕਾਂਗਰਸ ਦੇ ਵਰਕਰਾਂ ਵਿੱਚ ਉਹ ਉਤਸ਼ਾਹ ਪੈਦਾ ਨਹੀਂ ਹੋਇਆ ਜਿਸ ਦੀ ਪਾਰਟੀ ਨੂੰ ਇਸ ਵੇਲੇ ਸਭ ਤੋਂ ਵੱਧ ਲੋੜ ਹੈ।
ਪ੍ਰਗਟ ਸਿੰਘ ਬਾਰੇ ਕੋਈ ਦੋ ਰਾਏ ਨਹੀਂ ਕਿ ਉਹ ਇੱਕ ਚੰਗੇ ਇਨਸਾਨ ਹਨ ਅਤੇ ਕੌਮਾਂਤਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸ਼ਾਨਦਾਰ ਹਾਕੀ ਖਿਡਾਰੀ ਰਹੇ ਹਨ। ਪਰ ਸਿਆਸਤ ਦਾ ਮੈਦਾਨ ਹਾਕੀ ਦੇ ਮੈਦਾਨ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਹਾਕੀ ਵਿੱਚ ਸਾਹਮਣੇ ਗੋਲ ਹੁੰਦਾ ਹੈ ਅਤੇ ਖਿਡਾਰੀ ਨੂੰ ਪਤਾ ਹੁੰਦਾ ਹੈ ਕਿ ਗੋਲ ਕਿੱਥੇ ਕਰਨਾ ਹੈ, ਜਦਕਿ ਸਿਆਸਤ ਵਿੱਚ ਕਈ ਵਾਰ ਸਾਹਮਣੇ ਵਾਲਾ ਖਿਡਾਰੀ ਹੀ ਪਤਾ ਨਹੀਂ ਹੁੰਦਾ ਅਤੇ ਗੋਲ ਪੋਸਟ ਵੀ ਆਖਰੀ ਪਲ ਤੱਕ ਬਦਲ ਸਕਦੀ ਹੈ।
ਇਸੇ ਕਰਕੇ ਵਿਰੋਧੀ ਧਿਰਾਂ ਵੱਲੋਂ ਪ੍ਰਗਟ ਸਿੰਘ ‘ਤੇ ਇਹ ਤੰਜ ਕੱਸਿਆ ਜਾ ਰਿਹਾ ਹੈ ਕਿ ਸਿਆਸਤ ਕੋਈ ਹਾਕੀ ਦੀ ਖੇਡ ਨਹੀਂ। ਪਰ ਪ੍ਰਗਟ ਸਿੰਘ ਵੀ ਕਹਿ ਰਹੇ ਹਨ ਕਿ ਹਾਕੀ ਮੈਂ ਵਧੀਆ ਖੇਡੀ ਹੈ ਅਤੇ ਸਿਆਸਤ ਦੇ ਮੈਦਾਨ ਵਿੱਚ ਵੀ ਵਧੀਆ ਖੇਡ ਖੇਡਾਂਗਾ। ਹੁਣ ਅਸਲ ਇਮਤਿਹਾਨ ਇਹੀ ਹੈ ਕਿ ਉਹ ਆਪਣੀ ਇਸ ਗੱਲ ਨੂੰ ਅਮਲ ਵਿੱਚ ਕਿਵੇਂ ਸਾਬਤ ਕਰਦੇ ਹਨ।
ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਪ੍ਰਗਟ ਸਿੰਘ ਨਹੀਂ, ਸਗੋਂ ਪਾਰਟੀ ਦੇ ਅੰਦਰ ਇਕਜੁੱਟਤਾ ਹੈ। ਜੇ ਵੱਡੇ ਆਗੂ ਆਪਣੇ-ਆਪਣੇ ਧੜਿਆਂ ਵਿੱਚ ਵੰਡੇ ਰਹੇ, ਵਰਕਰਾਂ ਨੂੰ ਸਰਗਰਮ ਕਰਨ ਦੀ ਬਜਾਏ ਆਪੋ-ਆਪਣੀ ਸਿਆਸੀ ਜ਼ਮੀਨ ਬਚਾਉਣ ਵਿੱਚ ਲੱਗੇ ਰਹੇ ਤਾਂ ਸਿਰਫ਼ ਪ੍ਰਧਾਨ ਬਦਲਣ ਨਾਲ ਕਾਂਗਰਸ ਦੀ ਤਸਵੀਰ ਨਹੀਂ ਬਦਲ ਸਕਦੀ।
ਦੂਜੇ ਪਾਸੇ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਲਈ ਇੱਕ ਵੱਡਾ ਮੌਕਾ ਵੀ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਲੋਕਾਂ ਵਿੱਚ ਕਈ ਮੁੱਦੇ ਹਨ ਅਤੇ ਵਿਰੋਧੀ ਧਿਰ ਵਜੋਂ ਕਾਂਗਰਸ ਕੋਲ ਉਨ੍ਹਾਂ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਮੌਕਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਅੰਦਰੂਨੀ ਵਿਵਾਦਾਂ ਅਤੇ ਸਿਆਸੀ ਸੰਕਟ ਨਾਲ ਜੂਝ ਰਿਹਾ ਹੈ। ਦੂਜੇ ਅਕਾਲੀ ਧੜਿਆਂ ਨੂੰ ਵੀ ਹਾਲੇ ਆਪਣੀ ਪੁਰਾਣੀ ਸਿਆਸੀ ਜਗ੍ਹਾ ਹਾਸਲ ਕਰਨ ਲਈ ਲੰਮਾ ਸਫ਼ਰ ਤੈਅ ਕਰਨਾ ਪੈਣਾ ਹੈ। ਵਾਰਿਸ ਪੰਜਾਬ ਦੇ ਨਾਲ ਜੁੜੀ ਸਿਆਸੀ ਧਾਰਾ ਵਿੱਚ ਸਰਗਰਮੀ ਜ਼ਰੂਰ ਦਿਖਾਈ ਦੇ ਰਹੀ ਹੈ, ਪਰ ਉਹ ਹਾਲੇ ਇੰਨੀ ਮਜ਼ਬੂਤ ਸਥਿਤੀ ਵਿੱਚ ਨਹੀਂ ਕਿ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇ ਸਕੇ।
ਭਾਜਪਾ ਵੀ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ। ਪਰ ਪੰਜਾਬ ਦੀ ਸਿਆਸਤ ਸਿਰਫ਼ ਵੱਡੀਆਂ ਰੈਲੀਆਂ ਜਾਂ ਰਾਸ਼ਟਰੀ ਮੁੱਦਿਆਂ ਨਾਲ ਨਹੀਂ ਚੱਲਦੀ। ਇੱਥੇ ਲੋਕਾਂ ਦੀ ਨਬਜ਼ ਪਛਾਣਨੀ ਪੈਂਦੀ ਹੈ, ਪੰਜਾਬ ਦੇ ਖਾਸ ਮੁੱਦਿਆਂ ਨੂੰ ਸਮਝਣਾ ਪੈਂਦਾ ਹੈ ਅਤੇ ਪਿੰਡਾਂ ਤੱਕ ਆਪਣਾ ਸੰਗਠਨ ਖੜ੍ਹਾ ਕਰਨਾ ਪੈਂਦਾ ਹੈ। ਇਸ ਮਾਮਲੇ ਵਿੱਚ ਭਾਜਪਾ ਲਈ ਹਾਲੇ ਵੀ ਕਈ ਚੁਣੌਤੀਆਂ ਮੌਜੂਦ ਹਨ।
ਅਜਿਹੇ ਹਾਲਾਤ ਵਿੱਚ ਕਾਂਗਰਸ ਕੋਲ ਆਪਣੇ ਆਪ ਨੂੰ ਮੁੜ ਮੁੱਖ ਮੁਕਾਬਲੇ ਵਿੱਚ ਲਿਆਉਣ ਦਾ ਮੌਕਾ ਹੈ। ਪਰ ਇਸ ਲਈ ਕਾਂਗਰਸ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਠੀਕ ਕਰਨਾ ਪਵੇਗਾ। ਜੇ ਕਾਂਗਰਸ ਭਵਨ ਸੁੰਨਾ ਰਹੇਗਾ, ਵਰਕਰਾਂ ਦੇ ਚਿਹਰਿਆਂ ‘ਤੇ ਜੋਸ਼ ਨਜ਼ਰ ਨਹੀਂ ਆਵੇਗਾ ਅਤੇ ਵੱਡੇ ਆਗੂ ਇੱਕ-ਦੂਜੇ ਨੂੰ ਪਿੱਛੇ ਖਿੱਚਣ ਵਿੱਚ ਲੱਗੇ ਰਹੇ ਤਾਂ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇਣ ਦੀ ਗੱਲ ਸਿਰਫ਼ ਬਿਆਨਾਂ ਤੱਕ ਹੀ ਰਹਿ ਜਾਵੇਗੀ।
ਪ੍ਰਗਟ ਸਿੰਘ ਲਈ ਹੁਣ ਸਭ ਤੋਂ ਵੱਡਾ ਕੰਮ ਇਹ ਹੈ ਕਿ ਉਹ ਕਾਂਗਰਸ ਭਵਨ ਵਿੱਚ ਮੁੜ ਰੌਣਕ ਲਿਆਉਣ। ਵਰਕਰ ਨੂੰ ਇਹ ਭਰੋਸਾ ਦੇਣਾ ਪਵੇਗਾ ਕਿ ਪਾਰਟੀ ਸਿਰਫ਼ ਆਗੂਆਂ ਦੀ ਨਹੀਂ, ਵਰਕਰਾਂ ਦੀ ਵੀ ਹੈ। ਜ਼ਿਲ੍ਹਿਆਂ ਤੋਂ ਲੈ ਕੇ ਪਿੰਡਾਂ ਤੱਕ ਸੰਗਠਨ ਨੂੰ ਸਰਗਰਮ ਕਰਨਾ ਪਵੇਗਾ ਅਤੇ ਵੱਡੇ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣਾ ਪਵੇਗਾ।
ਕਿਉਂਕਿ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਤਾਕਤ ਪਾਰਟੀ ਦਾ ਦਫ਼ਤਰ ਨਹੀਂ, ਪਾਰਟੀ ਦਾ ਵਰਕਰ ਹੁੰਦਾ ਹੈ। ਜੇ ਵਰਕਰ ਉਤਸ਼ਾਹਿਤ ਹੈ ਤਾਂ ਸੁੰਨੇ ਪਏ ਦਫ਼ਤਰ ਵੀ ਚੁਣਾਵੀ ਜੰਗ ਦਾ ਕੇਂਦਰ ਬਣ ਜਾਂਦੇ ਹਨ ਅਤੇ ਜੇ ਵਰਕਰ ਹੀ ਨਿਰਾਸ਼ ਹੋ ਜਾਵੇ ਤਾਂ ਵੱਡੇ ਤੋਂ ਵੱਡਾ ਆਗੂ ਵੀ ਚੋਣ ਮੈਦਾਨ ਵਿੱਚ ਇਕੱਲਾ ਪੈ ਸਕਦਾ ਹੈ।
ਹੁਣ ਪ੍ਰਗਟ ਸਿੰਘ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਸਿਰਫ਼ ਹਾਕੀ ਦੇ ਮੈਦਾਨ ਦੇ ਖਿਡਾਰੀ ਨਹੀਂ, ਸਗੋਂ ਸਿਆਸਤ ਦੀ ਸ਼ਤਰੰਜ ਦੇ ਵੀ ਮਾਹਿਰ ਖਿਡਾਰੀ ਹਨ। ਉਨ੍ਹਾਂ ਨੂੰ ਆਪਣੇ ਨਾਲ ਉਹ ਸਾਰੇ ਕਾਂਗਰਸੀ ਆਗੂ ਲੈ ਕੇ ਚੱਲਣਾ ਪਵੇਗਾ ਜਿਹੜੇ ਪਾਰਟੀ ਨੂੰ ਮੁੜ ਸੱਤਾ ਦੀ ਦੌੜ ਵਿੱਚ ਦੇਖਣਾ ਚਾਹੁੰਦੇ ਹਨ। ਜੇ ਵੱਡੇ ਆਗੂਆਂ ਨੇ ਦਿਲੋਂ ਸਾਥ ਦਿੱਤਾ ਅਤੇ ਵਰਕਰਾਂ ਵਿੱਚ ਮੁੜ ਜੋਸ਼ ਭਰ ਦਿੱਤਾ ਗਿਆ ਤਾਂ ਕਾਂਗਰਸ ਲਈ ਮੌਕਾ ਹਾਲੇ ਵੀ ਮੌਜੂਦ ਹੈ।
ਪਰ ਜੇ ਪ੍ਰਧਾਨ ਬਦਲ ਗਿਆ, ਚਿਹਰਾ ਬਦਲ ਗਿਆ, ਪਰ ਕਾਂਗਰਸ ਭਵਨ ਦਾ ਮਾਹੌਲ ਅਤੇ ਵਰਕਰਾਂ ਦੀ ਨਿਰਾਸ਼ਾ ਨਾ ਬਦਲੀ ਤਾਂ ਫਿਰ ਸਵਾਲ ਸਿਰਫ਼ ਇਹ ਨਹੀਂ ਹੋਵੇਗਾ ਕਿ ਪ੍ਰਗਟ ਸਿੰਘ ਕਿੰਨੀ ਵਧੀਆ ਸਿਆਸੀ ਖੇਡ ਖੇਡਦੇ ਹਨ, ਸਗੋਂ ਸਵਾਲ ਇਹ ਵੀ ਹੋਵੇਗਾ ਕਿ ਕੀ ਕਾਂਗਰਸ ਖੁਦ ਹੀ ਆਪਣੇ ਸਭ ਤੋਂ ਵੱਡੇ ਮੌਕੇ ਨੂੰ ਗੁਆ ਤਾਂ ਨਹੀਂ ਰਹੀ?


ਕੁਲਵੰਤ ਸਿੰਘ ਗੱਗੜਪੁਰੀ