Punjab
ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਆਰ. ਐੱਸ. ਐੱਸ. ਕਰੇਗੀ !
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਹੁਣ ਆਰ. ਐਸ. ਐਸ. ਕਰੇਗੀ। ਆਰ ਐਸ ਐਸ ਨੇ ਜ਼ਿੰਮੇਵਾਰੀ ਲਈ ਹੈ ਕਿ ਜਿਹੜੇ ਸਿੱਖ ਧਰਮ ਛੱਡ ਕੇ ਇਸਾਈ ਬਣ ਗਏ ਸਨ ਉਨ੍ਹਾਂ ਨੂੰ ਅਗਲੇ ਪੰਜ ਸਾਲਾਂ ਵਿੱਚ ਮੁੜ ਸਿੱਖ ਧਰਮ ਨਾਲ ਜੋੜਾਂਗੇ।ਇਹ ਮੈਂ ਨਹੀਂ ਕਹਿ ਰਿਹਾ ਸਗੋਂ ਇਹ ਦਾਅਵਾ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹੀਆਂ ਹਨ ਲੇਕਿਨ ਹੁਣ ਇਹ ਜ਼ਿੰਮੇਵਾਰੀ ਆਰ ਐਸ ਐਸ ਨਿਭਾਏਗੀ। ਭਾਜਪਾ ਦੇ ਨੇਤਾ ਰਵਨੀਤ ਬਿੱਟੂ ਅਤੇ ਕੰਗਨਾ ਰਣੌਤ ਊਟ ਪਟਾਂਗ ਬਿਆਨ ਦੇਣ ਲਈ ਪ੍ਰਸਿੱਧ ਹਨ ਪਰ ਬਿੱਟੂ ਦੇ ਬਿਆਨ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਇਸ ਗੱਲ ਤੋਂ ਇੱਕ ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਰ ਐਸ ਐਸ ਸਿੱਖ ਧਰਮ ਵਿੱਚ ਘੁਸਪੈਠ ਕਰਨ ਦੀ ਤਿਆਰੀ ਕਰ ਰਹੀ ਹੈ।
ਲੁਕਵੇਂ ਰੂਪ ਵਿੱਚ ਤਾਂ ਆਰ ਐਸ ਐਸ ਵੱਲੋਂ ਇਹ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਹਨ ਪਰ ਹੁਣ ਇੰਝ ਲੱਗਦਾ ਹੈ ਕਿ ਆਰ ਐਸ ਐਸ ਖੁੱਲ੍ਹ ਕੇ ਸਾਹਮਣੇ ਆਉਣ ਵਾਲੀ ਹੈ। ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਅਗਰ ਆਰ ਐਸ ਐਸ ਇਸਾਈ ਬਣੇ ਸਿੱਖਾਂ ਨੂੰ ਮੁੜ ਵਾਪਸ ਸਿੱਖ ਬਣਾਉਦੀ ਹੈ ਤਾਂ ਇਹਦੇ ਵਿੱਚ ਗ਼ਲਤ ਕੀ ਹੈ? ਆਰ ਐਸ ਐਸ ਪਿਛਲੇ ਸਮੇਂ ਤੋਂ ਦੋ ਵੱਡੀਆਂ ਕੋਸ਼ਿਸਾਂ ਕਰਦੀ ਆ ਰਹੀ ਹੈ ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਪਹਿਲੀ ਗੱਲ ਤਾਂ ਇਹ ਕਿ ਆਰ ਐਸ ਐਸ ਸਿੱਖ ਕੌਮ ਨੂੰ ਵੱਖਰੀ ਕੌਮ ਹੀ ਨਹੀਂ ਮੰਨਦੀ। ਇਸਦਾ ਪ੍ਰਚਾਰ ਆਰ ਐਸ ਐਸ ਵੱਲੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇੰਨਾਂ ਕੁ ਕੀਤਾ ਗਿਆ ਹੈ ਕਿ ਨਵੀਂ ਪੀੜ੍ਹੀ ਦੇ ਬਹੁਤੇ ਸਿੱਖ ਇਸ ਗੱਲ ਨਾਲ ਸਹਿਮਤ ਹੋਣੇ ਸ਼ੁਰੂ ਹੋ ਗਏ ਹਨ। ਇਸ ਨੂੰ ਲੈ ਕੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਕੇ ਗੁਰਬਾਣੀ ਵਿੱਚ ਆਉਂਦੇ ‘ ਰਾਮ ‘ਸ਼ਬਦ ਨੂੰ ਸ਼੍ਰੀ ਰਾਮ ਚੰਦਰ ਦਾ ਨਾਮ ਦੱਸ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਧਰਮ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹੈ। ਹਾਲਾਂ ਕਿ ਗੁਰਬਾਣੀ ਵਿੱਚ ਰਾਮ ਰੱਬ ਨੂੰ ਕਿਹਾ ਗਿਆ ਹੈ, ਗੁਰਬਾਣੀ ਦਾ ਫੁਰਮਾਨ ਹੈ,”॥ ਏਕ ਰਾਮ ਦਸਰਥ ਕਾ ਬੇਟਾ॥ ਏਕ ਰਾਮ ਘਟ ਘਟ ਮਹਿ ਬੈਠਾ।।” ਕੇਵਲ ਆਰ ਐਸ ਐਸ ਵੱਲੋਂ ਹੀ ਇਹ ਦਾਅਵਾ ਨਹੀਂ ਕੀਤਾ ਜਾ ਰਿਹਾ ਸਗੋਂ ਸੰਵਿਧਾਨ ਅੰਦਰ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਾਨਤਾ ਨਹੀਂ ਦਿੱਤੀ ਗਈ।
ਹਾਲਾਂ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਨਹਿਰੂ,ਗਾਂਧੀ ਤੇ ਹੋਰ ਲੀਡਰਾਂ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇੱਕ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸਟੇਟ ਦਿੱਤਾ ਜਾਵੇਗਾ ਲੇਕਿਨ ਆਜ਼ਾਦੀ ਮਗਰੋਂ ਇਹ ਨਾ ਕੇਵਲ ਆਪਣੇ ਵਾਅਦੇ ਤੋਂ ਮੁੱਕਰੇ ਸਗੋਂ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਖਤਮ ਕਰਕੇ ਧਾਰਾ 25 ਵਿੱਚ ਸਿੱਖਾਂ ਨੂੰ ਹਿੰਦੂਆਂ ਦੀ ਕੇਸਾਧਾਰੀ ਸਾਖਾ ਲਿਖ ਦਿੱਤਾ ਗਿਆ। ਇਸਦੇ ਨਾਲ ਹੀ ਆਨੰਦ ਮੈਰਿਜ ਐਕਟ ਦੀ ਥਾਂ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਅਧੀਨ ਲੈ ਆਂਦਾ ਗਿਆ। ਸਿੱਖ ਕੌਮ ਦੀ ਵੱਖਰੀ ਪਛਾਣ, ਪੰਜਾਬ ਸੂਬੇ ਨੂੰ ਖ਼ੁਦਮੁਖਤਿਆਰੀ ਦੇਣ ਲਈ , ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਅਤੇ ਆਨੰਦ ਮੈਰਿਜ ਐਕਟ ਲਾਗੂ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1973 ਵਿੱਚ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਅਤੇ ਬਾਅਦ ਵਿਚ ਇਨ੍ਹਾਂ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਧਰਮ ਯੁੱਧ ਮੋਰਚਾ ਲਗਾਇਆ ਗਿਆ ਤੇ ਇਨ੍ਹਾਂ ਮੋਰਚਿਆਂ ਤੋਂ ਬਾਅਦ ਹੀ ਪੰਜਾਬ ਅੰਦਰ ਹਥਿਆਰਬੰਦ ਸੰਘਰਸ਼ ਆਰੰਭ ਹੋਇਆ ਜੋ ਅੱਤਵਾਦ ਦਾ ਰੂਪ ਧਾਰਨ ਕਰ ਗਿਆ। ਇਸ ਲਈ ਰਵਨੀਤ ਬਿੱਟੂ ਵਰਗੇ ਬੇਸਮਝ ਲੋਕਾਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਆਰ ਐਸ ਐਸ ਦੀ ਸਿੱਖ ਧਰਮ ਨੂੰ ਲੈ ਕੇ ਕੀ ਸੋਚ ਹੈ?ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਹੌਲ ਮੁੜ ਖ਼ਰਾਬ ਹੋਵੇ ਇਸ ਲਈ ਭਾਜਪਾ ਨੂੰ ਚਾਹੀਦਾ ਹੈ ਕਿ ਬਿੱਟੂ ਵਰਗੇ ਲੀਡਰਾਂ ਦੀ ਜ਼ੁਬਾਨ ਨੂੰ ਲਗਾਮ ਦੇਵੇ। ਆਰ ਐਸ ਐਸ ਦੇ ਈਸਾਈਆਂ ਤੋਂ ਸਿੱਖ ਬਣਾਉਣ ਨਲੋ ਚੰਗਾ ਹੈ ਕਿ ਉਹ ਇਸਾਈ ਹੀ ਬਣੇ ਰਹਿਣ ।
ਜੇਕਰ ਇਸ ਬਿਆਨ ਨੂੰ ਇੱਕ ਤੰਜ ਵਜੋਂ ਵੇਖਿਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਕਾਰਗੁਜ਼ਾਰੀ ਵਾਕਿਆ ਹੀ ਨਿੰਦਣਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਧਾਰਮਿਕ ਫ਼ਰਜ਼ਾਂ ਨੂੰ ਅਣਗੌਲਿਆ ਕਰਕੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਹੀ ਕਾਰਜ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜਟ ਧਰਮ ਪ੍ਰਚਾਰ ਦੇ ਕਾਰਜਾਂ ਵੱਲ ਨਾ ਲਗਾਉਣਾ ਸ਼ੰਕੇ ਪੈਦਾ ਕਰਦਾ ਹੈ। ਗਰੀਬ ਸਿੱਖ ਇਸਾਈ ਕਿਉੰ ਬਣ ਰਹੇ ਹਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸਮਝਣ ਦੀ ਲੋੜ ਹੈ। ਅੱਜ ਸਾਡੇ ਦੇਸ਼ ਅੰਦਰ ਡਾਕਟਰੀ ਇਲਾਜ ਬਹੁਤ ਮਹਿੰਗਾ ਹੈ ਇਸਾਈ ਭਾਈਚਾਰੇ ਵੱਲੋਂ ਆਪਣੇ ਲੋਕਾਂ ਦਾ ਇਲਾਜ ਮੁਫਤ ਕਰਵਾਇਆ ਜਾਂਦਾ ਹੈ ਅਤੇ ਆਪਣੇ ਭਾਈਚਾਰੇ ਦੇ ਬੱਚਿਆਂ ਦੀ ਪੜ੍ਹਾਈ ਵੀ ਮੁਫਤ ਕਰਵਾਈ ਜਾਂਦੀ ਹੈ। ਦੂਜੀ ਗੱਲ ਇਹ ਵੀ ਹੈ ਕਿ ਸਿੱਖ ਧਰਮ ਵਿੱਚ ਜਾਤ ਪਾਤ ਦਾ ਬੋਲਬਾਲਾ ਗ਼ਰੀਬ ਤੇ ਕਿਰਤੀ ਲੋਕਾਂ ਨੂੰ ਛੋਟੀ ਜਾਤ ਵਾਲੇ ਕਹਿ ਕੇ ਦੁਰਕਾਰਿਆ ਜਾਂਦਾ ਹੈ। ਇੱਕ ਇੱਕ ਪਿੰਡ ਵਿੱਚ ਪੰਜ ਪੰਜ ਗੁਰਦੁਆਰੇ ਹਨ ਅਤੇ ਇਹ ਗੁਰਦੁਆਰੇ ਜਾਤਾਂ ਦੇ ਅਧਾਰ ‘ਤੇ ਬਣਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ ਉਲਟਾ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਜਾਤਾਂ ਦੇ ਹਿਸਾਬ ਨਾਲ ਰਾਖਵਾਂਕਰਨ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਆਪਣੇ ਨਾਮ ਨਾਲ ਗੋਤਾਂ ਲਿਖੀਆਂ ਜਾਂਦੀਆਂ ਹਨ ਜਿਵੇਂ ਮੱਕੜ, ਧਾਮੀ, ਚਾਵਲਾ ਆਦਿ।
ਇਸਾਈ ਧਰਮ ਵਿੱਚ ਉਨ੍ਹਾਂ ਲੋਕਾਂ ਨੂੰ ਮਾਣ ਸਨਮਾਨ ਮਿਲ ਰਿਹਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਵਿੱਚ ਨੀਵੀਂ ਜਾਤ ਵਾਲੇ ਸਮਝ ਕੇ ਦੁਰਕਾਰਿਆ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਗ਼ਰੀਬ ਲੋਕ ਇਸਾਈ ਬਣ ਰਹੇ ਹਨ ਅਗਰ ਸਿੱਖ ਧਰਮ ਵਿਚੋਂ ਜਾਤ ਪਾਤ ਖਤਮ ਹੋਵੇ ਜਾਂ ਘੱਟੋ ਘੱਟ ਗਰੀਬਾਂ ਤੇ ਕਿਰਤੀ ਲੋਕਾਂ ਨੂੰ ਮਾਣ ਸਨਮਾਨ ਮਿਲੇ ਅਤੇ ਸਿਹਤ ਤੇ ਸਿੱਖਿਆ ਵਰਗੀਆਂ ਸਹੂਲਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਫ਼ਤ ਦੇਣ ਲੱਗ ਜਾਵੇ ਤਾਂ ਧਰਮ ਪਰਿਵਰਤਨ ਆਪਣੇ ਆਪ ਰੁਕ ਜਾਵੇਗਾ। ਆਖਿਰ ਵਿੱਚ ਅਸੀਂ ਸਿਆਸੀ ਨੇਤਾਵਾਂ ਨੂੰ ਸਲਾਹ ਦੇਵਾਂਗੇ ਉਹ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਨ ਤੋਂ ਸੰਕੋਚ ਕਰਨ। ਬਿਨਾ ਸੋਚੇ ਜ਼ੁਬਾਨ ਚੋਂ ਕੱਢੇ ਸ਼ਬਦ ਮਹੌਲ ਖ਼ਰਾਬ ਕਰ ਸਕਦੇ ਹਨ।

ਕੁਲਵੰਤ ਸਿੰਘ ਗੱਗੜਪੁਰੀ
