Connect with us

India

ਹੁਣ ਕੈਂਸਰ ਨਾਲ ਨਹੀਂ ਹੋਵੇਗੀ ਮੌਤ; ਰੂਸ ਨੇ ਤਿਆਰ ਕੀਤੀ ਵੈਕਸੀਨ – ਦੁਨੀਆ ਲਈ ਨਵੀਂ ਉਮੀਦ

Published

on

ਕੈਂਸਰ, ਇੱਕ ਐਸੀ ਬਿਮਾਰੀ ਜਿਸਦੇ ਨਾਮ ਭਰ ਨਾਲ ਹੀ ਅਕਸਰ ਮਨੁੱਖ ਹਿੱਲ ਜਾਂਦਾ ਹੈ। ਇਹ ਲਫ਼ਜ਼ ਸਦੀਆਂ ਤੋਂ ਮੌਤ ਨਾਲ ਜੋੜਿਆ ਜਾਂਦਾ ਰਿਹਾ ਹੈ। ਵਿਗਿਆਨ ਅਤੇ ਮੈਡੀਕਲ ਖੇਤਰ ਵਿੱਚ ਹੋਈ ਬੇਹਦ ਤਰੱਕੀ ਦੇ ਬਾਵਜੂਦ ਵੀ ਕੈਂਸਰ ਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰਨ ਵਾਲਾ ਇਲਾਜ ਲੱਭਣਾ ਇੱਕ ਚੁਣੌਤੀ ਬਣਿਆ ਹੋਇਆ ਸੀ। ਹਾਲਾਂਕਿ ਕਈ ਕਿਸਮਾਂ ਦੇ ਕੈਂਸਰ ਦੀ ਪਛਾਣ ਜੇਕਰ ਸ਼ੁਰੂਆਤੀ ਪੜਾਅ ’ਤੇ ਹੋ ਜਾਵੇ ਤਾਂ ਇਲਾਜ ਕਰਨਾ ਸੰਭਵ ਹੁੰਦਾ ਹੈ, ਪਰ ਆਮ ਤੌਰ ‘ਤੇ ਮਰੀਜ਼ ਨੂੰ ਅੰਤਿਮ ਪੜਾਅ ‘ਤੇ ਪਤਾ ਲੱਗਦਾ ਹੈ, ਜਦੋਂ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹੁਣ, ਇਸ ਮਾਹੌਲ ਵਿੱਚ, ਰੂਸ ਵੱਲੋਂ ਆਈ ਇਕ ਵੱਡੀ ਖ਼ਬਰ ਨੇ ਸਿਰਫ਼ ਮੈਡੀਕਲ ਸਾਇੰਸ ਵਿੱਚ ਨਹੀਂ, ਸਗੋਂ ਮਾਨਵ ਹਿੱਤ ਵਿੱਚ ਵੀ ਇੱਕ ਵੱਡਾ ਮਾਅਰਕਾ ਮਾਰਿਆ ਹੈ ਅਤੇ ਨਵੀਂ ਉਮੀਦ ਜਗਾਈ ਹੈ। ਰੂਸੀ ਵਿਗਿਆਨੀਆਂ ਨੇ ਇੱਕ ਐਸੀ ਵੈਕਸੀਨ ਤਿਆਰ ਕਰ ਲਈ ਹੈ ਜੋ ਕਿ ਕੈਂਸਰ ਜਿਹੀ ਲਾਇਲਾਜ ਸਮਝੀ ਜਾਣ ਵਾਲੀ ਬਿਮਾਰੀ ਨੂੰ ਇਲਾਜਯੋਗ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਇਹ ਵੈਕਸੀਨ mRNA ਤਕਨੀਕ ਉੱਤੇ ਆਧਾਰਿਤ ਹੈ, ਜੋ ਪਹਿਲਾਂ ਕੋਵੀਡ-19 ਵੈਕਸੀਨਾਂ ਵਿੱਚ ਵੀ ਸਫਲ ਸਾਬਤ ਹੋਈ ਸੀ।

ਰੂਸ ਦੀ ਫੈਡਰਲ ਮੈਡੀਕਲ ਐਂਡ ਬਾਇਓਲੋਜੀਕਲ ਏਜੰਸੀ ਯਾਨੀ FMBA ਨੇ ਐਲਾਨ ਕੀਤਾ ਹੈ ਕਿ ਇਹ mRNA ਆਧਾਰਿਤ ਕੈਂਸਰ ਵੈਕਸੀਨ ਹੁਣ ਕਲੀਨੀਕਲ ਉਪਯੋਗ ਲਈ ਤਿਆਰ ਹੈ। FMBA ਦੀ ਮੁਖੀ ਡਾ. ਵੇਰੋਨਿਕਾ ਸਕਵੋਰਤਸੋਵਾ ਨੇ ਦੱਸਿਆ ਹੈ ਕਿ ਇਹ ਵੈਕਸੀਨ ਪ੍ਰੀ-ਕਲੀਨੀਕਲ ਟੈਸਟਾਂ ਵਿੱਚ ਬਹੁਤ ਹੀ ਉਤਸ਼ਾਹਜਨਕ ਨਤੀਜੇ ਦੇ ਚੁੱਕੀ ਹੈ। ਵੈਕਸੀਨ ਨੇ ਨਾ ਸਿਰਫ਼ ਕੈਂਸਰ ਦੀ ਗੱਠ ਨੂੰ ਘਟਾਉਣ ਵਿੱਚ ਮਦਦ ਕੀਤੀ, ਸਗੋਂ ਉਸਦੀ ਵਾਧੂ ਗਤੀ ਨੂੰ ਰੋਕਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਵੈਕਸੀਨ ਦੀ ਖਾਸੀਅਤ ਇਹ ਹੈ ਕਿ ਇਹ ਹਰੇਕ ਮਰੀਜ਼ ਦੇ ਵਿਅਕਤੀਗਤ RNA ਦੇ ਅਧਾਰ ‘ਤੇ ਬਣਾਈ ਜਾਂਦੀ ਹੈ, ਜਿਸ ਨਾਲ ਇਲਾਜ “ਇਕ ਮਰੀਜ਼, ਇਕ ਹੱਲ” ਦੀ ਤਰ੍ਹਾਂ ਵਿਅਕਤੀਗਤ ਪੱਧਰ ‘ਤੇ ਸੰਭਵ ਬਣਦਾ ਹੈ। ਇਹ ਇੱਕ ਨਵੀਂ ਸੋਚ, ਨਵੀਂ ਦਿਸ਼ਾ ਅਤੇ ਨਵੀਂ ਇਲਾਜ ਵਿਧੀ ਦੀ ਸ਼ੁਰੂਆਤ ਹੈ।

ਪਹਿਲੇ ਪੜਾਅ ਵਿੱਚ ਇਹ ਵੈਕਸੀਨ ਕੋਲੋਰੇਕਟਲ ਕੈਂਸਰ ਭਾਵ ਆੰਤ ਅਤੇ ਮਲਾਸ਼ੇ ਦੇ ਕੈਂਸਰ ਲਈ ਤਿਆਰ ਕੀਤੀ ਗਈ ਹੈ, ਜਿਸਦੇ ਨਤੀਜੇ ਕਾਫੀ ਹੌਂਸਲਾ ਅਫਜ਼ਾਈ ਕਰਨ ਵਾਲੇ ਹਨ। ਰੂਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਵੈਕਸੀਨ ਉਸਦੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਉਪਲਬਧ ਹੋਵੇਗੀ। ਨਾਲ ਹੀ, ਇਹ ਵੀ ਉਮੀਦ ਜਤਾਈ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਦੇਸ਼ਾਂ, ਜਿਵੇਂ ਕਿ ਭਾਰਤ, ਚੀਨ, ਦੱਖਣੀ ਅਫਰੀਕਾ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਵੀ ਇਸ ਵੈਕਸੀਨ ਨੂੰ ਭੇਜਿਆ ਜਾਵੇਗਾ, ਤਾਂ ਜੋ ਹੋਰ ਮਰੀਜ਼ ਵੀ ਇਸਦਾ ਲਾਭ ਲੈ ਸਕਣ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕੈਂਸਰ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਸਾਲ 2024 ਵਿੱਚ, ਭਾਰਤ ਵਿੱਚ 8.74 ਲੱਖ ਲੋਕਾਂ ਦੀ ਮੌਤ ਕੈਂਸਰ ਕਾਰਨ ਹੋਈ ਸੀ। ਇਨ੍ਹਾਂ ਵਿੱਚ 4.60 ਲੱਖ ਮਰਦ ਅਤੇ 4.14 ਲੱਖ ਔਰਤਾਂ ਸ਼ਾਮਿਲ ਸਨ। ਇੰਡੀਆਨ ਕੌਂਸਿਲ ਆਫ਼ ਮੈਡੀਕਲ ਰਿਸਰਚ (ICMR) ਦੀ ਰਿਪੋਰਟ ਅਨੁਸਾਰ, ਆਉਣ ਵਾਲੇ ਸਾਲਾਂ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਲਗਭਗ 12% ਦੀ ਵਾਧੂ ਦਰ ਦੇਖਣ ਨੂੰ ਮਿਲ ਸਕਦੀ ਹੈ। ਹੋਰ ਚਿੰਤਾ ਦੀ ਗੱਲ ਇਹ ਵੀ ਹੈ ਕਿ ਹੁਣ ਇਹ ਬਿਮਾਰੀ ਨੌਜਵਾਨਾਂ ਵਿੱਚ ਵੀ ਪੈਰ ਪਸਾਰ ਰਹੀ ਹੈ। ਮਾੜੀ ਖੁਰਾਕ, ਵਾਧੂ ਤਣਾਅ, ਆਲਸੀ ਜੀਵਨ ਸ਼ੈਲੀ, ਵਾਧੂ ਰੇਡੀਏਸ਼ਨ, ਅਤੇ ਵਧ ਰਿਹਾ ਪ੍ਰਦੂਸ਼ਣ ਦਾ ਲੈਵਲ — ਇਹ ਸਾਰੇ ਵੀ ਕੈਂਸਰ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਜਿਵੇਂ ਕਿ ਕੋਵੀਡ-19 ਦੌਰਾਨ ਵਿਗਿਆਨ ਨੇ ਅਸੰਭਵ ਨੂੰ ਸੰਭਵ ਬਣਾਇਆ ਸੀ, ਉਸੇ ਤਰ੍ਹਾਂ ਹੁਣ ਕੈਂਸਰ ਵਰਗੀ ਜ਼ਿੰਦਗੀ ਖਤਮ ਕਰ ਦੇਣ ਵਾਲੀ ਬਿਮਾਰੀ ਨੂੰ ਵੀ ਕਾਬੂ ਕੀਤਾ ਜਾ ਸਕੇਗਾ। ਜੇਕਰ ਇਹ ਵੈਕਸੀਨ ਕਲੀਨੀਕਲ ਪੱਧਰ ’ਤੇ ਵੀ ਸਫਲ ਹੋਈ, ਤਾਂ ਇਹ ਇਨਸਾਨੀ ਇਤਿਹਾਸ ਵਿੱਚ ਇੱਕ ਵੱਡੀ ਕਾਮਯਾਬੀ ਹੋਵੇਗੀ। ਇਹ ਨਾ ਸਿਰਫ਼ ਮਰੀਜ਼ਾਂ ਨੂੰ ਉਮੀਦ ਦੇਵੇਗੀ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਇੱਕ ਨਵੀਂ ਆਸ ਜਗਾਏਗੀ ।
ਆਖਿਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਰੂਸ ਵੱਲੋਂ ਤਿਆਰ ਕੀਤੀ ਗਈ ਇਹ mRNA ਆਧਾਰਿਤ ਵੈਕਸੀਨ ਕੈਂਸਰ ਨਾਲ ਲੜਨ ਵਿੱਚ ਇੱਕ ਇਤਿਹਾਸਕ ਕਦਮ ਹੈ। ਇਹ ਪੂਰੇ ਸੰਸਾਰ ਲਈ ਖੁਸ਼ਖਬਰੀ ਹੈ। ਜੇ ਇਹ ਵੈਕਸੀਨ ਵਿਸ਼ਵ ਪੱਧਰ ’ਤੇ ਪਹੁੰਚੀ ਤਾਂ ਇਹ ਲੱਖਾਂ ਨਹੀਂ, ਕਰੋੜਾਂ ਜਿੰਦਗੀਆਂ ਬਚਾ ਸਕਦੀ ਹੈ। ਕੈਂਸਰ ਨੂੰ ਹੁਣ ਸਿਰਫ਼ ਇਕ ਡਰ ਨਾ ਸਮਝਿਆ ਜਾਵੇ, ਸਗੋਂ ਇੱਕ ਐਸਾ ਰੋਗ ਜੋ ਇਲਾਜਯੋਗ ਹੈ। ਇਤਿਹਾਸ ਵਿੱਚ ਪਹਿਲੀ ਵਾਰ ਕੈਂਸਰ ਨੂੰ ਵੀ ਹਰਾਉਣ ਦੀ ਸੰਭਾਵਨਾ ਹਕੀਕਤ ਬਣ ਰਹੀ ਹੈ।

ਕੁਲਵੰਤ ਸਿੰਘ ਗੱਗੜਪੁਰੀ