Punjab
ਅਸ਼ਲੀਲਤਾ ਲੋਕਾਂ ਦੇ ਰੋਮ-ਰੋਮ ਵਿੱਚ ਵੱਸ ਗਈ ਏ, ਕੀਹਨੂੰ-ਕੀਹਨੂੰ ਮਾਰੋਗੇ?

ਇੰਟਰਨੈੱਟ ਦੇ ਆਉਣ ਨਾਲ ਜਿੱਥੇ ਬਹੁਤ ਕੁੱਝ ਸਾਰਥਕ ਅਤੇ ਉਸਾਰੂ ਹੋ ਰਿਹਾ ਹੈ ਉੱਥੇ ਹੀ ਇਹ ਇੰਟਰਨੈੱਟ ਨਵੀਂ ਪੀੜ੍ਹੀ ਲਈ ਖ਼ਤਰੇ ਅਤੇ ਚੁਣੌਤੀਆਂ ਵੀ ਲੈ ਕੇ ਆਇਆ ਹੈ। ਸਭ ਤੋਂ ਵੱਡਾ ਖਤਰਾ ਇੰਟਰਨੈੱਟ ਵੱਲੋਂ ਪਰੋਸੀ ਜਾ ਰਹੀ ਅਸ਼ਲੀਲਤਾ ਅਤੇ ਲੱਚਰਤਾ ਹੈ। ਵੱਖ ਵੱਖ ਤਰ੍ਹਾਂ ਦੇ ਐਪ ਅਤੇ ਕਾਮ ਵਾਸਨਾ ਨਾਲ ਭਰੀਆਂ ਪਈਆਂ ਇੰਟਰਨੈੱਟ ਸਾਈਟਸ ਨਵੀਂ ਪੀੜ੍ਹੀ ਨੂੰ ਬਰਬਾਦ ਕਰਦੀਆਂ ਜਾ ਰਹੀਆਂ ਨੇ। ਬੀਤੇ ਦਿਨੀਂ ਇੰਸਟਾਗ੍ਰਾਮ ਰਾਹੀਂ ਅਸ਼ਲੀਲਤਾ ਫੈਲਾ ਰਹੀ ਕਮਲ ਕੌਰ ਭਾਬੀ (ਕੰਚਨ ਤਿਵਾੜੀ) ਨੂੰ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਮੀ ਦੋ ਨੌਜਵਾਨਾਂ ਨੇ ਕਤਲ ਕਰ ਦਿੱਤਾ ਹੈ। ਇਹ ਨੌਜਵਾਨ ਨਿਹੰਗ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਮੈਹਿਰੋਂ ਦੇ ਸਾਥੀ ਹਨ। ਮੈਹਿਰੋਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਜਿਹੜਾ ਵੀ ਇੰਟਰਨੈੱਟ ਉੱਪਰ ਅਸ਼ਲੀਲਤਾ ਫੈਲਾਏਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਇਨ੍ਹਾਂ ਅਸ਼ਲੀਲਤਾ ਫੈਲਾਉਣ ਵਾਲਿਆਂ ਦੀ ਵਜ੍ਹਾ ਨਾਲ ਸਾਡੀ ਨੌਜਵਾਨ ਪੀੜ੍ਹੀ ਵਿਗੜ ਰਹੀ ਹੈ ਅਤੇ ਬਲਾਤਕਾਰ ਹੋ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਚਿੰਤਾ ਨੂੰ ਅਸੀਂ ਸਮਝਦੇ ਹਾਂ ਕਿ ਇਹ ਇੱਕ ਗੰਭੀਰ ਸਮੱਸਿਆ ਹੈ ਪਰ ਕਾਨੂੰਨ ਨੂੰ ਹੱਥ ਵਿੱਚ ਲੈਣ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।ਇਸ ਤਰ੍ਹਾਂ ਕਿਸੇ ਨੂੰ ਕਤਲ ਕਰ ਦੇਣ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ। ਕਿੰਨੇ ਕੂ ਲੋਕਾਂ ਨੂੰ ਮਾਰੋਗੇ? ਇਹ ਇੰਟਰਨੈੱਟ ਦਾ ਜਾਲ ਬਹੁਤ ਵੱਡਾ ਹੈ ਜੋ ਸਾਡੀ ਪਹੁੰਚ ਤੋਂ ਬਹੁਤ ਪਰ੍ਹੇ ਹੈ। ਤੁਸੀਂ ਚੰਗੀ ਸੋਚ ਵਾਲੇ ਲੋਕ ਹੋ ਪਰ ਕਤਲ ਕਰਨ ਵਾਲਾ ਗਲਤ ਕਦਮ ਚੁੱਕ ਕੇ ਜੇਲ੍ਹ ਜਾ ਬੈਠੋਗੇ। ਮਸਲਾ ਫਿਰ ਵੀ ਹੱਲ ਨਹੀਂ ਹੋਣਾ। ਪੰਜਾਬ ਅੰਦਰੋਂ ਦੋ ਚਾਰ ਐਸੀਆਂ ਅਸ਼ਲੀਲਤਾ ਫੈਲਾਉਣ ਵਾਲੀਆਂ ਕੁੜੀਆਂ ਤੁਸੀਂ ਅਗਰ ਮਾਰ ਵੀ ਦਿੰਦੇ ਹੋ ਤਾਂ ਕੀ ਜੋ ਇੰਟਰਨੈੱਟ ਉੱਪਰ ਅਸ਼ਲੀਲਤਾ ਪਰੋਸੀ ਜਾ ਰਹੀ ਹੈ ਇਹ ਬੰਦ ਹੋ ਜਾਵੇਗੀ? ਨਹੀਂ ਇਸ ਤਰ੍ਹਾਂ ਭੋਰਾ ਵੀ ਫ਼ਰਕ ਨਹੀਂ ਪੈਣਾ। ਇਹ ਇੱਕ ਕੌਮਾਂਤਰੀ ਮਸਲਾ ਹੈ। ਜਿੰਨੀਆਂ ਵੀ ਐਪ ਜਾਂ ਸਾਈਟਸ ਹਨ ਉਹ ਲੋਕਾਂ ਦੀ ਮਾਨਸਿਕਤਾ ਨੂੰ ਧਿਆਨ ਵਿੱਚ ਰੱਖ ਕੇ ਕੰਟੈਂਟ ਪਰੋਸ ਰਹੀਆਂ ਹਨ। ਅੱਜ ਕੱਲ੍ਹ ਮਾਪਿਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਮੋਬਾਈਲ ਫ਼ੋਨ ਲੈ ਕੇ ਦਿੱਤੇ ਹੋਏ ਹਨ। ਇੰਟਰਨੈਟ ਦੇ ਉੱਪਰ ਕਾਮ ਵਾਸਨਾ ਦੀ ਆਖਰੀ ਹੱਦ ਤੱਕ ਦੀਆਂ ਵੀਡੀਓ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਹਰ ਛੋਟਾ ਵੱਡਾ ਲੁਕ ਲੁਕ ਕੇ ਵੇਖਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਤੁਸੀਂ ਹੁਣ ਕਹੋਗੇ ਕਿ ਇਸ ਬਲਾ ਤੋਂ ਆਪਣੇ ਸਮਾਜ ਨੂੰ ਬਚਾਇਆ ਕਿਵੇਂ ਜਾਵੇ? ਅੱਜ ਦੇ ਸਮੇਂ ਲੋਕਾਂ ਕੋਲ ਨਸ਼ੇ ਦੇ ਤੇ ਕਾਮ ਦੇ ਰਸ ਤੋਂ ਇਲਾਵਾ ਹੋਰ ਕੋਈ ਰਸ ਨਹੀਂ ਹੈ। ਜਿਸ ਕਾਰਨ ਲੋਕ ਨਸ਼ੇ ਤੇ ਕਾਮ ਰਸ ਵਿੱਚ ਪਾਗ਼ਲ ਹੋਏ ਪਏ ਹਨ। ਲੋਕਾਂ ਨੂੰ ਕਾਮ ਰਸ ਨਾਲੋਂ ਤੋੜ ਕੇ ਰਾਮ ਰਸ ਨਾਲ ਜੋੜਨ ਦੀ ਲੋੜ ਹੈ। ਜਿਸਨੂੰ ਰਾਮ ਰਸ ਮਿਲ ਗਿਆ ਉਹਨੂੰ ਹੋਰ ਕਿਸੇ ਰਸ ਦੀ ਲੋੜ ਨਹੀਂ ਰਹਿੰਦੀ। ਗੁਰਬਾਣੀ ਦਾ ਫੁਰਮਾਨ ਹੈ, “ਰਾਮ ਰਸੁ ਪੀਆ ਰੇ ॥
ਜਿਹ ਰਸ ਬਿਸਰਿ ਗਏ ਰਸ ਅਉਰ।।” ਕਹਿੰਦੇ ਹਨ ਕਿ ਬੁੱਧ ਦੇ ਵਿਰੋਧੀਆਂ ਨੇ ਬੁੱਧ ਕੋਲ਼ ਇੱਕ ਵੇਸਵਾ ਨੂੰ ਭੇਜਿਆ। ਉਸ ਵੇਸਵਾ ਨੇ ਬੁੱਧ ਨੂੰ ਕਿਹਾ ਕਿ ਮੈਂ ਤੁਹਾਡੇ ਸਾਹਮਣੇ ਨੱਚਣਾ ਚਾਹੁੰਦੀ ਹਾਂ। ਬੁੱਧ ਨੇ ਕਿਹਾ ਕਿ ਜਾਓ ਅਸੀਂ ਨਹੀਂ ਕੋਈ ਨਾਚ ਵੇਖਣਾ। ਇਸ ‘ਤੇ ਵੇਸਵਾ ਨੇ ਕਿਹਾ ਕਿ ਤੁਸੀਂ ਬੁੱਧ ਪੁਰਸ਼ ਹੋ ਫਿਰ ਵੀ ਡਰਦੇ ਹੋ ਕਿ ਕਿਤੇ ਤੁਸੀਂ ਡੋਲ ਨਾ ਜਾਓ ਤਾਂ ਗੌਤਮ ਬੁੱਧ ਨੇ ਕਿਹਾ ਕਿ ਠੀਕ ਹੈ ਬੀਬਾ ਤੂੰ ਨੱਚ ਲੈ। ਵੇਸਵਾ ਨੇ ਨੱਚਦੇ ਨੱਚਦੇ ਸਾਰੇ ਕੱਪੜੇ ਉਤਾਰ ਦਿੱਤੇ। ਬੁੱਧ ਨੇ ਪੂਰਾ ਨਾਚ ਵੇਖਿਆ ਤੇ ਵੇਸਵਾ ਨੂੰ ਕਿਹਾ ਵਧੀਆ ਡਾਂਸ ਕੀਤਾ ਹੈ ਤੂੰ ਹੁਣ ਜਾਹ। ਇੰਨੇ ਨੂੰ ਬੁੱਧ ਦੇ ਵਿਰੋਧੀ ਅੰਦਰ ਆ ਗਏ ਤੇ ਰੌਲਾ ਪਾਉਣ ਲੱਗੇ ਕਿ ਤੂੰ ਖੁਦ ਨੂੰ ਬੁੱਧ ਪੁਰਸ਼ ਕਹਿਣਾ ਏਂ ਪਰ ਤੂੰ ਨੰਗੀ ਔਰਤ ਨੂੰ ਨੱਚਦੇ ਵੇਖਿਆ ਹੈ। ਬੁੱਧ ਨੇ ਕਿਹਾ ਕਿ ਮੈਂ ਤਾਂ ਔਰਤ ਦਾ ਡਾਂਸ ਵੇਖਿਆ ਹੈ ਉਹਦੀ ਕਲਾ ਵੇਖੀ ਹੈ, ਉਹਦੇ ਨੰਗੇਪਣ ਨੂੰ ਤਾਂ ਤੁਸੀਂ ਬਾਹਰੋਂ ਲੁਕ ਲੁਕ ਕੇ ਵੇਖਦੇ ਰਹੇ ਹੋ। ਅੱਜ ਦੀ ਪੀੜ੍ਹੀ ਦੇ ਰਸ ਨੂੰ ਬਦਲਣ ਦੀ ਲੋੜ ਹੈ। ਅਗਰ ਅਸੀਂ ਬੱਚਿਆਂ ਨੂੰ ਜਪ ਤਪ ਸੰਜਮ ਅਤੇ ਧਰਮ ਨਾਲ ਜੋੜਦੇ ਹਾਂ ਤਾਂ ਉਹ ਕਾਮ ਰਸ ਦੀ ਥਾਂ ਰਾਮ ਰਸ ਨੂੰ ਪਸੰਦ ਕਰਨਗੇ। ਬੱਚਿਆਂ ਨੂੰ ਜ਼ਿੰਦਗੀ ਦੇ ਮਕਸਦ ਤੋਂ ਜਾਣੂ ਕਰਵਾਉਣ ਨਾਲ ਅਤੇ ਜਿੰਦਗੀ ਵਿੱਚ ਕੋਈ ਨਿਸ਼ਾਨਾ ਬਣਾਉਣ ਨਾਲ ਉਨ੍ਹਾਂ ਅੰਦਰ ਕੁੱਝ ਉਸਾਰੂ ਕਰਨ ਦੀ ਇੱਛਾ ਸ਼ਕਤੀ ਵਧੇਗੀ ਤੇ ਉਹ ਮੋਬਾਈਲ ਫ਼ੋਨ ਨੂੰ ਘੱਟ ਸਮਾਂ ਵਰਤਣਗੇ। ਜੇਕਰ ਵਰਤਣਗੇ ਤਾਂ ਗਿਆਨ ਪ੍ਰਾਪਤ ਕਰਨ ਲਈ ਵਰਤਣਗੇ। ਆਪਣੇ goal ਨੂੰ achieve ਕਰਨ ਲਈ ਬੱਚੇ ਵੱਧ ਤੋਂ ਵੱਧ ਸਮਾਂ ਦੇਣਗੇ। ਬੁਰੀਆਂ ਚੀਜ਼ਾਂ ਵੇਖਣ ਜੋਗਾ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੋਵੇਗਾ। ਅਸੀਂ ਇੰਟਰਨੈਟ ਤੇ ਗੰਦ ਪਾਉਣ ਵਾਲਿਆਂ ਨੂੰ ਖਤਮ ਨਹੀਂ ਕਰ ਸਕਦੇ, ਲੋਕਾਂ ਨੂੰ ਕਾਮ ਰਸ ਤੋਂ ਰਾਮ ਰਸ ਨਾਲ ਜੋੜ ਕੇ ਮਸਲੇ ਦਾ ਹੱਲ ਕਰ ਸਕਦੇ ਹਾਂ। ਬੁਰੇ ਨੂੰ ਮਾਰਨ ਦੀ ਥਾਂ ਆਓ ਬੁਰਾਈ ਨੂੰ ਮਾਰੀਏ ਤੇ ਇੱਕ ਚੰਗਾ ਸਮਾਜ ਸਿਰਜੀਏ।