Connect with us

Punjab

ਸੁਖਬੀਰ ਬਾਦਲ ਸ਼ਤਰੰਜ ਦੇ ਪੱਕੇ ਖਿਡਾਰੀ ਨਿਕਲੇ; ਵਿਰੋਧ ਕਰਦੇ ਬਾਬਾ ਧੁੰਮਾਂ ਨੂੰ ਸਿਫ਼ਤਾਂ ਕਰਨ ਲਾ ਦਿੱਤਾ!

Published

on

ਅਸੀਂ ਪਿਛਲੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਅਕਾਲੀ ਦਲ ਦੇ ਬਾਗੀਆਂ ਤੇ ਦਾਗ਼ੀਆਂ ਵਿਚਾਲੇ ਸ਼ਤਰੰਜ ਦੀ ਖੇਡ ਚੱਲ ਰਹੀ ਹੈ। ਇਸ ਖੇਡ ਵਿੱਚ ਸੁਖਬੀਰ ਬਾਦਲ ਪਾਸੇ ਪਲਟਦੇ ਨਜ਼ਰ ਰਹੇ ਹਨ ਅਤੇ ਸਾਬਤ ਕਰ ਰਹੇ ਹਨ ਕਿ ਉਹ ਸਿਆਸੀ ਸ਼ਤਰੰਜ ਦੇ ਪੱਕੇ ਖਿਡਾਰੀ ਹਨ। ਬਾਬਾ ਹਰਨਾਮ ਸਿੰਘ ਧੁੰਮਾਂ ਦਾ ਅਚਾਨਕ ਹਿਰਦੇ ਪ੍ਰਵਰਤਨ ਹੋ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਅਚਾਨਕ ਚੰਗੇ ਲੱਗੇ ਹਨ, ਜਿਨ੍ਹਾਂ ਵਿਰੁੱਧ ਉਹ ਥੋੜੇ ਦਿਨ ਪਹਿਲਾਂ ਖੜੇ ਨਜ਼ਰ ਆ ਰਹੇ ਸਨ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਲਾਹਿਆ ਜਾ ਰਿਹਾ ਹੈ ਅਤੇ ਰਾਤ ਦੇ ਹਨੇਰੇ ਵਿੱਚ ਕੁਲਦੀਪ ਸਿੰਘ ਗੜਗੱਜ ਨੂੰ ਮਰਿਆਦਾ ਦੀ ਉਲੰਘਣਾ ਕਰਕੇ ਜਥੇਦਾਰ ਬਣਾਇਆ ਗਿਆ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਸੁਖਬੀਰ ਬਾਦਲ ਵਿਰੁੱਧ ਧਰਨੇ ਦਾ ਵੀ ਐਲਾਨ ਕੀਤਾ ਸੀ ਅਤੇ ਅਚਾਨਕ ਧਰਨਾ ਮੁਲਤਵੀ ਕਰ ਦਿੱਤਾ ਗਿਆ। ਛੇ ਜੂਨ ਤੋਂ ਪਹਿਲਾਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਕੁਲਦੀਪ ਸਿੰਘ ਗੜਗੱਜ ਨੂੰ ਸੰਗਤਾਂ ਦੇ ਨਾਮ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ ਅਤੇ ਨਾ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਿੱਤਾ ਜਾਵੇਗਾ। ਇਸ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਨੂੰ ਮਿਲਦੇ ਹਨ ਅਤੇ ਕੁੱਝ ਅਖ਼ਬਾਰਾਂ ਵਿੱਚ ਇਹ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਕਿ ਸੁਖਬੀਰ ਸਿੰਘ ਬਾਦਲ ਤੇ ਬਾਬਾ ਧੁੰਮਾਂ ਦੀ ਗੁਪਤ ਮੀਟਿੰਗ ਹੋਈ ਸੀ।

ਤੁਸੀਂ ਜਾਣਦੇ ਹੀ ਹੋ ਕਿ ਦਮਦਮੀ ਟਕਸਾਲ ਮੁਖੀ ਦੇ ਵਿਰੋਧ ਅੱਗੇ ਝੁਕਦਿਆਂ ਨਾ ਤਾਂ ਗੜਗੱਜ ਨੂੰ ਸੰਦੇਸ਼ ਦੇਣ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਬਾਬਾ ਧੁੰਮਾਂ ਦੇ ਅੱਜ ਦੇ ਤਾਜ਼ਾ ਬਿਆਨਾਂ ਨੇ ਤਾਂ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਅਚਾਨਕ ਬਾਬਾ ਧੁੰਮਾਂ ਨੂੰ ਸੁਖਬੀਰ ਸਿੰਘ ਬਾਦਲ ਚੰਗੇ ਕਿਵੇਂ ਲੱਗਣ ਲੱਗ ਪਏ? ਉਨ੍ਹਾਂ ਨੇ ਅੱਜ ਕਿਹਾ ਹੈ ਕਿ ਕੁੱਝ ਐਸੇ ਗਿਰੇ ਹੋਏ ਲ਼ੋਕ ਨੇ ਜੋ ਉਨ੍ਹਾਂ ਨੂੰ ਕਹਿ ਰਹੇ ਨੇ ਕਿ ਮੈਂ ਸੁਖਬੀਰ ਬਾਦਲ ਬਾਰੇ ਮਾੜਾ ਬੋਲਾਂ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸੰਤਾਂ ਦੀ ਯਾਦਗਾਰ ਬਣਵਾਉਣ ਲਈ ਉਨ੍ਹਾਂ ਦੀ ਮਦਦ ਕੀਤੀ ਸੀ ਉਨ੍ਹਾਂ ਬਾਰੇ ਮੈਂ ਬੁਰਾ ਨਹੀਂ ਬੋਲ ਸਕਦਾ।ਉਨ੍ਹਾਂ ਨੇ ਅੱਜ ਇੱਕ ਸਿਆਸੀ ਬਿਆਨ ਵੀ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਪਲਾਨਿੰਗ ਕਰਕੇ ਦੱਸਾਂਗੇ ਕਿ ਕਿਹੜੀ ਜਥੇਬੰਦੀ ਅੱਗੇ ਹੋ ਕੇ ਸਭ ਨੂੰ ਨਾਲ ਲੈ ਕੇ ਚੱਲ ਸਕਦੀ ਹੈ? ਜੋ ਕੁੱਝ ਵੀ ਵਾਪਰ ਰਿਹਾ ਹੈ, ਇਹ ਉਹ ਨਹੀਂ ਹੈ ਜੋ ਸਾਨੂੰ ਦਿਖਾਈ ਦੇ ਰਿਹਾ ਹੈ। ਅਸਲ ਵਿੱਚ ਪਰਦੇ ਪਿੱਛੇ ਕੁੱਝ ਚੱਲ ਰਿਹਾ ਹੈ।

ਗੱਲਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਅਸਲ ਵਿੱਚ ਅਕਾਲੀ ਆਗੂਆਂ ਵੱਲੋਂ ਆਪਸ ਵਿੱਚ ਸ਼ਤਰੰਜ ਖੇਡੀ ਜਾ ਰਹੀ ਹੈ। ਇਨ੍ਹਾਂ ਨੇ ਸ਼ਤਰੰਜ ਖੇਡਦੇ ਰਹਿ ਜਾਣਾ ਹੈ ਅਤੇ ਬਾਜ਼ੀ ਕੋਈ ਹੋਰ ਮਾਰ ਜਾਵੇਗਾ। ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾਂ) ਵੀ ਇਸ ਖੇਡ ਦੇ ਮੋਹਰੇ ਬਣਦੇ ਲੱਗ ਰਹੇ ਨੇ। ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਖੇਡ ਦਾ ਮੰਚ ਬਣਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਤੇ ਸਿੰਘ ਸਾਹਿਬਾਨ ਨੂੰ ਮੋਹਰੇ ਬਣਾਇਆ ਜਾਂਦਾ ਰਿਹਾ ਤੇ ਜਿਹੜਾ ਮੋਹਰਾ ਨਹੀਂ ਬਣਿਆ ਉਹਨੂੰ ਬੇਇੱਜ਼ਤ ਕਰਕੇ ਹਟਾ ਦਿੱਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਉਸ ਸੰਸਥਾ ਦੇ ਮੁਖੀ ਹਨ ਜਿਸਦੇ ਮੁਖੀ ਮਹਾਨ ਲੋਕ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸਿਆਸੀ ਚਿੱਕੜ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਚੋਲੇ ਉੱਪਰ ਛਿੱਟੇ ਨਾ ਪੈਣ।

ਕੁਲਵੰਤ ਸਿੰਘ ਗੱਗੜਪੁਰੀ