India
ਆਪ੍ਰੇਸ਼ਨ ਬਲੂ ਸਟਾਰ 1 ਤੋਂ 6 ਜੂਨ ਤੱਕ ਦਾ ਸਫਰ
ਚੰਡੀਗੜ੍ਹ, 6 ਜੂਨ :ਸਿੱਖ ਕੌਮ ਲਈ ਜੂਨ ਦਾ ਪਹਿਲਾ ਹਫ਼ਤਾ ਬੜਾ ਹੀ ਦੁਖਦਾਈ ਜਾਪਦਾ ਹੈ। ਸ਼੍ਰੀ ਦਰਬਾਰ ਸਾਹਿਬ ਅੰਦਰ ਹਮਲਾ ਹੋਣਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨੁਕਸਾਨ, ਜਦੋ ਵੀ ਸੋਚਦੇ ਹਾਂ ਤਾਂ ਹੰਜੂ ਆਪਣੇ ਆਪ ਹੀ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸਦੇ ਨਾਲ ਹੀ 1 ਜੂਨ ਤੋਂ 6 ਜੂਨ ਤੱਕ ਦੀਆ ਕੁੱਝ ਘਟਨਾਵਾਂ –
- ਸ੍ਰੀ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨੂੰ ਫ਼ੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫ਼ਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫ਼ੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇੱਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
- ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ, ਇਸਤਰੀਆਂ, ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
- ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ 30 ਘੰਟਿਆਂ ਪਿੱਛੋਂ ਸਿੱਖ ਫ਼ੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚਿਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫ਼ੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫ਼ੌਜੀਆਂ ਨੇ ਦਿੱਤਾ ਸੀ ਉਸ ਵਿੱਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਫ਼ੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫ਼ੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜ਼ਬੂਰ ਕੀਤਾ ਗਿਆ। ਮੁੰਡਿਆਂ ਨੂੰ ਪਿੱਛੋਂ ਬੰਨ੍ਹ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ।
- ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਤੇ ਸੀ. ਆਰ. ਪੀ. ਐਫ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫ਼ੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਐਫ. ਵੱਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ, 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੇ ਉੱਤਰੇ ਤਾਂ ਉਹਨਾਂ ਨੂੰ ਫ਼ੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫ਼ੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇੱਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇੱਕ ਤਿਆਰ ਬਰ ਤਿਆਰ ਸਿੰਘ, ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇੱਕ ਇਲਾਕਾ) ਵਿੱਚ ਆਪਣੇ ਮਕਾਨ ਦੀ ਛੱਤ ਤੇ ਖੜ੍ਹਾ ਸੀ। ਉਸ ਨੂੰ ਫ਼ੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।
- ਜ਼ਿਲ੍ਹਾ ਕਚਹਿਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇੱਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ। ਇਸ ਪਾਸੇ ਤੋਂ ਫ਼ੌਜੀਆਂ ਦੀ ਜੀਪ ਆ ਗਈ। ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫ਼ੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚੋਂ ਗ੍ਰਿਫ਼ਤਾਰ ਕਰਨ ਗਏ ਤਾਂ ਇਕ ਫ਼ੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚੱਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਹਾਂ ਤਾਂ ਫ਼ੌਜੀ ਚੁੱਪ ਕਰ ਗਏ।
- ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿੱਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿੱਚ ਧੁੱਪ ਵਿੱਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਨਾਂ ਵਿੱਚੋਂ ਇੱਕ ਮਰ ਗਿਆ। ਪਿੰਡਾਂ ਵਿੱਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।
- ਫ਼ੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫ਼ੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ।
Continue Reading