Connect with us

Punjab

ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਇੱਕੋ ਦਿਨ; ਸੰਗਤ ਦੁਬਿਧਾ ਵਿੱਚ!

Published

on

ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਾਰ ਇੱਕ ਅਜਿਹਾ ਸੰਯੋਗ ਬਣ ਰਿਹਾ ਹੈ ਜਿਸ ਨੇ ਪੂਰੀ ਸਿੱਖ ਸੰਗਤ ਨੂੰ ਗਹਿਰੀ ਸੋਚ ਵਿੱਚ ਪਾ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ—ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ—ਦਾ ਸ਼ਹੀਦੀ ਦਿਹਾੜਾ ਅਤੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਕੋ ਦਿਨ 27 ਦਸੰਬਰ ਨੂੰ ਆ ਰਹੇ ਹਨ। ਇੱਕ ਪਾਸੇ ਬਲਿਦਾਨ ਅਤੇ ਵੈਰਾਗ ਨਾਲ ਭਰਪੂਰ ਸ਼ਹੀਦੀ ਦਿਹਾੜਾ, ਦੂਜੇ ਪਾਸੇ ਖੁਸ਼ੀਆਂ ਨਾਲ ਰੰਗਿਆ ਪ੍ਰਕਾਸ਼ ਪੁਰਬ—ਇਨ੍ਹਾਂ ਦੋਵੇਂ ਨੂੰ ਇਕੱਠੇ ਮਨਾਉਣ ਦੀ ਸੋਚ ਹੀ ਸੰਗਤ ਵਿਚ ਚਿੰਤਾ ਦਾ ਕਾਰਨ ਬਣੀ ਹੋਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮੁਤਾਬਕ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਨ ਇੱਕੋ ਹਨ ਅਤੇ ਇਸੇ ਅਧਾਰ ‘ਤੇ ਦੋਵੇਂ ਦਿਹਾੜੇ ਇੱਕੋ ਸਮੇਂ ਮਨਾਏ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਗੁਰਿਆਈ ਦਿਵਸ ਅਤੇ ਸ਼ਹੀਦੀ ਦਿਹਾੜੇ ਇੱਕੋ ਦਿਨ ਆ ਜਾਂਦੇ ਹਨ ਅਤੇ ਉਹ ਇਕੱਠੇ ਮਨਾਏ ਜਾਂਦੇ ਹਨ। ਪਰ ਜਦੋਂ ਇਹ ਸਵਾਲ ਚੁੱਕਿਆ ਗਿਆ ਕਿ ਪਹਿਲਾਂ ਅਕਾਲ ਤਖਤ ਸਾਹਿਬ ਨੇ ਨਿਰਧਾਰਤ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਮੇਸ਼ਾ 5 ਜਨਵਰੀ ਨੂੰ ਮਨਾਇਆ ਜਾਵੇਗਾ, ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੈਲੰਡਰ ਨੂੰ ਅੰਤਿਮ ਪ੍ਰਵਾਨਗੀ ਅਕਾਲ ਤਖਤ ਸਾਹਿਬ ਹੀ ਦਿੰਦਾ ਹੈ ਅਤੇ ਫੈਸਲਾ ਉੱਥੋਂ ਹੀ ਹੋਣਾ ਹੈ ਕਿ ਦੋਵੇਂ ਦਿਹਾੜੇ ਇੱਕਠੇ ਰੱਖਣੇ ਹਨ ਜਾਂ ਵੱਖ ਵੱਖ।

ਇਸੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸੰਪਰਕ ਕਰਨਾ ਸੰਭਵ ਨਾ ਹੋ ਸਕਿਆ। ਇਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਦੋਵੇਂ ਦਿਹਾੜੇ ਵੱਖ–ਵੱਖ ਤਰੀਕਾਂ ‘ਤੇ ਮਨਾਏ ਜਾਣ। ਕਾਲਕਾ ਦਾ ਸਟੈਂਡ ਇਹ ਹੈ ਕਿ ਸੰਗਤ ਨੂੰ ਕਿਸੇ ਵੀ ਕਿਸਮ ਦੀ ਦੁਬਿਧਾ ਵਿੱਚ ਪਾਉਣਾ ਉਚਿਤ ਨਹੀਂ, ਖ਼ਾਸ ਕਰਕੇ ਜਦੋਂ ਮੱਤ ਅਤੇ ਮਾਹੌਲ ਦੋਵੇਂ ਦਿਹਾੜਿਆਂ ਦਾ ਬਿਲਕੁਲ ਵੱਖਰਾ ਹੋਵੇ।

ਇਹ ਬੇਹੱਦ ਮਹੱਤਵਪੂਰਨ ਬਿੰਦੂ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਲੋਂ ਗੰਭੀਰ, ਵੈਰਾਗਮਈ ਅਤੇ ਸ਼ੁੱਧ ਸਮਰਪਣ ਦੀ ਭਾਵਨਾ ਨਾਲ ਯਾਦ ਕੀਤਾ ਜਾਂਦਾ ਹੈ। ਦੂਜੇ ਪਾਸੇ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਖੁਸ਼ੀਆਂ, ਦੀਪਮਾਲਾ, ਨਗਰ ਕੀਰਤਨ ਅਤੇ ਚੜਦੀਕਲਾ ਦੇ ਸੰਦੇਸ਼ ਨਾਲ ਮਨਾਇਆ ਜਾਂਦਾ ਹੈ। ਇਹ ਦੋਵੇਂ ਮਾਹੌਲ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ—ਇਨ੍ਹਾਂ ਨੂੰ ਇੱਕੋ ਦਿਨ ਮਨਾਉਣਾ ਸਿਰਫ਼ ਰਸਮਾਤਮਕ ਨਹੀਂ, ਭਾਵਨਾਤਮਕ ਤੌਰ ‘ਤੇ ਵੀ ਅਣਸੁਲਝਾ ਅਤੇ ਅਸੰਗਤ ਲੱਗਦਾ ਹੈ।

ਇਸ ਲਈ ਕੈਲੰਡਰ ਤਿਆਰ ਕਰਨ ਸਮੇਂ ਸਿੱਖ ਰਿਵਾਇਤਾਂ, ਇਤਿਹਾਸਕ ਸੰਦਰਭਾਂ ਅਤੇ ਸੰਗਤ ਦੀ ਭਾਵਨਾ ਦਾ ਜ਼ਿਆਦਾ ਸੁਚੱਜਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ। ਹਾਲਾਤ ਨੂੰ ਦੇਖਦਿਆਂ ਹੁਣ ਵੀ ਅਕਾਲ ਤਖਤ ਸਾਹਿਬ ਵੱਲੋਂ ਤੁਰੰਤ ਅਤੇ ਸਪੱਸ਼ਟ ਫੈਸਲਾ ਲੈਣ ਦੀ ਲੋੜ ਹੈ। ਜਿਵੇਂ ਪਹਿਲਾਂ ਨਿਰਧਾਰਤ ਕੀਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਮੇਸ਼ਾਂ 5 ਜਨਵਰੀ ਨੂੰ ਹੀ ਮਨਾਇਆ ਜਾਵੇਗਾ, ਉਸੇ ਰੀਤ ਅਨੁਸਾਰ ਇਸ ਵਾਰ ਵੀ ਉਸੇ ਤਰੀਖ ਨੂੰ ਪ੍ਰਕਾਸ਼ ਪੁਰਬ ਮਨਾਉਣ ਦਾ ਐਲਾਨ ਜਲਦ ਹੋਣਾ ਚਾਹੀਦਾ ਹੈ।

ਇਹ ਫੈਸਲਾ ਨਾ ਕੇਵਲ ਸੰਗਤ ਦੀ ਦੁਬਿਧਾ ਦੂਰ ਕਰੇਗਾ, ਸਗੋਂ ਦੋਵੇਂ ਮਹਾਨ ਇਤਿਹਾਸਕ ਦਿਹਾੜਿਆਂ ਦੀ ਮਰਿਆਦਾ ਨੂੰ ਉਹੀ ਗੰਭੀਰਤਾ, ਉਹੀ ਪਵਿੱਤਰਤਾ ਅਤੇ ਉਹੀ ਖੁਸ਼ੀ ਦੇਵੇਗਾ ਜਿਸ ਦੇ ਉਹ ਹੱਕਦਾਰ ਹਨ। ਸੰਗਤ ਦੀ ਭਾਵਨਾ ਸਾਫ ਹੈ—ਬਲਿਦਾਨ ਅਤੇ ਖੁਸ਼ੀ ਇੱਕੋ ਦਿਨ ਨਹੀਂ ਸਮਾ ਸਕਦੇ। ਹੁਣ ਅੱਖਾਂ ਅਕਾਲ ਤਖਤ ਸਾਹਿਬ ਵੱਲ ਹਨ ਕਿ ਕਦੋਂ ਇਹ ਗੁੰਝਲ ਸੁਲਝਦੀ ਹੈ ਤੇ ਕਦੋਂ ਸੰਗਤ ਨੂੰ ਸਪੱਸ਼ਟਤਾ ਅਤੇ ਸੰਤੋਖ ਮਿਲਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ