Uncategorized
8400 ਤੋਂ ਵੱਧ ਵਿਅਕਤੀਆਂ ਨੂੰ ਮੰਡੀਆਂ ‘ਚ ਕੋਰੋਨਾ ਤੋਂ ਬਚਾਅ ਦਾ ਲਾਇਆ ਟੀਕਾ- ਲਾਲ ਸਿੰਘ
ਕੋਵਿਡ-19 ਦਰਮਿਆਨ ਕਣਕ ਦੀ ਚੱਲ ਰਹੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਹੋਰ ਸਾਰੀਆਂ ਧਿਰਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਸੂਬਾ ਭਰ ਵਿਚ ਅਨਾਜ ਮੰਡੀਆਂ ਵਿਚ ਲਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪਾਂ ਦੌਰਾਨ ਹੁਣ ਤੱਕ 8400 ਤੋਂ ਵੱਧ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਗਿਆ। ਸੂਬੇ ਵਿਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਗਏ ਤਾਂ ਕਿ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਮੰਡੀਆਂ ਵਿਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਟੀਕਾ ਲਵਾ ਸਕਣ। ਸੂਬਾ ਭਰ ਦੀਆਂ ਮੰਡੀਆਂ ਵਿਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਅਤੇ ਹੋਰ ਧਿਰਾਂ ਸਮੇਤ 8402 ਯੋਗ ਵਿਅਕਤੀਆ ਨੂੰ ਹੁਣ ਤੱਕ ਕੋਵਿਡ ਤੋਂ ਬਚਾਅ ਦਾ ਟੀਕਾ ਲੱਗ ਚੁੱਕਾ ਹੈ। ਹਾੜ੍ਹੀ ਸੀਜ਼ਨ ਦੌਰਾਨ ਟੀਕਾਕਰਨ ਮੁਹਿੰਮ ਵਿਚ ਪਟਿਆਲਾ ਮੋਹਰੀ ਚੱਲ ਰਿਹਾ ਹੈ ਜਦਕਿ ਇਸ ਤੋਂ ਬਾਅਦ ਫਿਰੋਜ਼ਪੁਰ ਅਤੇ ਜਲੰਧਰ ਸ਼ਾਮਲ ਹਨ।
ਕਣਕ ਦੀ ਖਰੀਦ ਸੰਬੰਧੀ ਸ਼ਿਕਾਇਤਾਂ ਅਤੇ ਮੁੱਦਿਆਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਂਦਿਆਂ ਪੰਜਾਬ ਮੰਡੀ ਬੋਰਡ ਵੱਲੋਂ ਸਥਾਪਤ ਸਟੇਟ ਕੰਟਰੋਲ ਰੂਮ ਨੇ ਕਿਸਾਨਾਂ ਦੀ ਸੰਤੁਸ਼ਟੀ ਲਈ ਹੁਣ ਤੱਕ ਕਣਕ ਦੀ ਖਰੀਦ ਨਾਲ ਸਬੰਧਤ ਸਾਰੀਆਂ 746 ਟੈਲੀਫ਼ੋਨਿਕ ਸ਼ਿਕਾਇਤਾਂ/ਮਸਲਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਹੈ। ਮੰਡੀ ਬੋਰਡ ਦੇ ਕੰਟਰੋਲ ਰੂਮ ਦਾ ਦੌਰਾ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਕੋਵਿਡ-19 ਦੇ ਇਸ ਮੁਸ਼ਕਲ ਸਮੇ ਦੌਰਾਨ ਕਣਕ ਦੀ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਕੰਟਰੋਲ ਰੂਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਕਿਸੇ ਵੀ ਕਿਸਾਨ ਜਾਂ ਕਿਸੇ ਹੋਰ ਭਾਈਵਾਲ ਨੂੰ ਖਰੀਦ ਕਾਰਜਾਂ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸਬੰਧਤ ਜ਼ਿਲ੍ਹਿਆਂ ਲਈ ਦਿੱਤੇ ਗਏ ਕੰਟਰੋਲ ਰੂਮ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।