Punjab
ਸੂਬੇ ‘ਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਨਾਲ ਕੀਤਾ ਜਾਵੇਗਾ ਰਜਿਸਟਰਡ..
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੋਰਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
- ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 28 ਜੁਲਾਈ2023:
ਪਸ਼ੂਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਬੇਰਹਿਮੀ ਭਰੇ ਵਤੀਰੇ ਨੂੰ ਰੋਕਣ ਲਈ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਦੇਸ਼ ਦਿੱਤੇ ਹਨ ਕਿ ਪਾਲਤੂ ਜਾਨਵਰਾਂ ਦੀਆਂ ਸਾਰੀਆਂ ਦੁਕਾਨਾਂ ਅਤੇ ਡੌਗ ਬ੍ਰੀਡਰਜ਼ ਨੂੰ ਪੰਜਾਬ ਰਾਜ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਇੱਥੇ ਪੰਜਾਬ ਭਵਨ ਵਿਖੇ ਰਾਜ ਪਸ਼ੂ ਭਲਾਈ ਬੋਰਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰਜਿਸਟਰੇਸ਼ਨ ਦੀ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਲੋਕਾਂ ਨੂੰ ਅਵਾਰਾ ਪਸ਼ੂਆਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਮਨੁੱਖਾਂ ਤੇ ਜਾਨਵਰਾਂ ਦਰਮਿਆਨ ਦਿਆਲਤਾ ਵਾਲੇ ਰਿਸ਼ਤੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਾਨਵਰਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਅਪਨਾਉਣ ਵਾਸਤੇ ਵਿਭਾਗ ਦੇ ਅਧਿਕਾਰੀਆਂ ਨੂੰ ਸੈਮੀਨਾਰ, ਲੈਕਚਰ ਕਰਵਾਉਣ ਤੋਂ ਇਲਾਵਾ ਸੋਸ਼ਲ ਮੀਡੀਆ ਮੁਹਿੰਮ ਚਲਾਉਣ ਲਈ ਵੀ ਕਿਹਾ।
ਅਵਾਰਾ ਪਸ਼ੂਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਚਾਨਣਾ ਪਾਉਂਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪਸ਼ੂਆਂ ‘ਤੇ ਅੱਤਿਆਚਾਰ ਨੂੰ ਰੋਕਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਸੁਸਾਇਟੀਜ਼ ਫਾਰ ਪ੍ਰੀਵੈਂਸ਼ਨ ਆਫ਼ ਕ੍ਰਿਊਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦਾ ਗਠਨ ਕੀਤਾ ਗਿਆ ਹੈ ਅਤੇ ਇਹ ਸੁਸਾਇਟੀਆਂ ਜਾਨਵਰਾਂ ਦੀ ਭਲਾਈ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 471 ਦੇ ਕਰੀਬ ਰਜਿਸਟਰਡ ਗਊਸ਼ਾਲਾਵਾਂ ਹਨ, ਜਦੋਂਕਿ ਅਵਾਰਾ ਪਸ਼ੂਆਂ ਦੇ ਮੁੜ ਵਸੇਬੇ ਲਈ ਸੂਬਾ ਸਰਕਾਰ ਵੱਲੋਂ 20 ਕੈਟਲ ਪੌਂਡ ਵੀ ਬਣਾਏ ਗਏ ਹਨ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਪਸ਼ੂ ਪਾਲਣ ਡਾ. ਰਾਮਪਾਲ ਮਿੱਤਲ, ਜੁਆਇੰਟ ਸਕੱਤਰ ਰਾਕੇਸ਼ ਕੁਮਾਰ, ਆਈ.ਐਫ.ਐਸ. ਸ੍ਰੀ ਟੀ. ਗਨਾਨਾ, ਜੁਆਇੰਟ ਡਾਇਰੈਕਟਰ ਡਾ. ਸੰਗੀਤਾ ਤੂਰ, ਜੁਆਇੰਟ ਡਾਇਰੈਕਟਰ ਡਾ. ਜੀ.ਐਸ. ਬੇਦੀ, ਏ.ਡਬਲਿਊ.ਬੀ.ਆਈ. ਡਾ. ਐਸ. ਭਰਤ ਕੁਮਾਰ, ਐਡਵੋਕੇਟ ਸਿਮਰਨਜੀਤ ਕੌਰ, ਸੁਖਵੰਤ ਸਿੰਘ ਗਿੱਲ, ਨੰਦਨੀ ਕੱਕੜ ਅਤੇ ਡਾ. ਪੁਨੀਤ ਮਲਹੋਤਰਾ ਹਾਜ਼ਰ ਸਨ