Connect with us

News

ਜਹਾਜ਼ ਅਗਵਾ ਕਰਨ ਵਾਲੇ ਦੀ ਪਤਨੀ ਨੇਪਾਲ ਦੀ ਨਵੀਂ ਪ੍ਰਧਾਨ ਮੰਤਰੀ ਬਣੀ 

Published

on

ਨੇਪਾਲ ਦੀ ਰਾਜਨੀਤੀ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਈ ਹੈ, ਜਿੱਥੇ ਇਨਕਲਾਬੀ ਇਤਿਹਾਸ ਅਤੇ ਨਿਰਪੱਖ ਨਿਆਂਪਾਲਿਕਾ ਦੀ ਤਾਕਤ ਇਕੱਠੀ ਹੋ ਕੇ ਅਗਵਾਈ ਕਰ ਰਹੀ ਹੈ। ਜਨਰੇਸ਼ਨ ਜ਼ੀ (Gen z)ਵੱਲੋਂ ਕੀਤੇ ਜ਼ਬਰਦਸਤ ਐਂਟੀ-ਗਵਰਨਮੈਂਟ ਪ੍ਰਦਰਸ਼ਨਾਂ ਨੇ ਨਾ ਸਿਰਫ਼ ਪੁਰਾਣੀ ਸਰਕਾਰ ਦਾ ਤਖਤਾ ਪਲਟਿਆ ਹੈ ਸਗੋਂ ਇੱਕ ਅਜਿਹੀ ਅੰਤਰਿਮ ਨੇਤਾਗੀਰੀ ਨੂੰ ਜਨਮ ਦਿੱਤਾ ਜੋ ਨੇਪਾਲ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇੱਕ ਔਰਤ, ਉਹ ਵੀ ਸਾਬਕਾ ਚੀਫ ਜਸਟਿਸ, ਦੇ ਹੱਥ ਵਿੱਚ ਆਈ। ਸੁਸ਼ੀਲਾ ਕਾਰਕੀ ਹੁਣ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਬਣ ਚੁੱਕੀ ਹੈ।

ਇਹ ਨਿਯੁਕਤੀ ਆਪਣੇ ਆਪ ਵਿੱਚ ਇਤਿਹਾਸਕ ਹੈ, ਪਰ ਇਸ ਨਾਲ ਹੀ ਉਨ੍ਹਾਂ ਦੇ ਪਤੀ ਦੁਰਗਾ ਪ੍ਰਸਾਦ ਸੁਬੇਦੀ ਦੀ 1973 ਦੀ ਹਾਈਜੈਕਿੰਗ ਵਾਲੀ ਘਟਨਾ ਵੀ ਮੁੜ ਮੀਡੀਆ ਅਤੇ ਲੋਕ ਚਰਚਾ ਵਿੱਚ ਆ ਗਈ ਹੈ। ਇਹ ਹਾਈਜੈਕਿੰਗ ਇੱਕ ਆਮ ਅਪਰਾਧ ਨਹੀਂ ਸੀ — ਇਹ ਰਾਜਸ਼ਾਹੀ ਦੇ ਵਿਰੁੱਧ ਇੱਕ ਇਨਕਲਾਬੀ ਹਮਲਾ ਸੀ, ਜਿਸਨੇ ਨੇਪਾਲ ਦੇ ਰਾਜਨੀਤਿਕ ਇਤਿਹਾਸ ਨੂੰ ਇੱਕ ਵੱਡਾ ਝਟਕਾ ਦਿੱਤਾ।

1973 ਵਿੱਚ ਬਿਰਾਤਨਗਰ ਤੋਂ ਕਾਠਮੰਡੂ ਜਾ ਰਹੇ ਰਾਇਲ ਨੇਪਾਲ ਏਅਰਲਾਈਨਜ਼ ਦੇ 19-ਸੀਟਰ ਜਹਾਜ਼ ਨੂੰ ਤਿੰਨ ਨੌਜਵਾਨ ਹਾਈਜੈਕਰਾਂ ਨੇ ਅਗਵਾ ਕਰ ਲਿਆ। ਇਹ ਨੌਜਵਾਨ ਸਨ ਦੁਰਗਾ ਪ੍ਰਸਾਦ ਸੁਬੇਦੀ, ਨਗੇਂਦਰ ਧੁੰਗੇਲ ਅਤੇ ਬਸੰਤ ਭੱਟਰਾਈ—ਸਾਰੇ ਨੇਪਾਲੀ ਕਾਂਗਰਸ ਦੇ ਯੂਥ ਆਗੂ ਸਨ। ਉਨ੍ਹਾਂ ਦਾ ਮਕਸਦ ਸੀ ਉਹ 30 ਲੱਖ ਰੁਪਏ ਦੀ ਰਕਮ ਜੋ ਰਾਸ਼ਟਰ ਬੈਂਕ ਵੱਲੋਂ ਜਹਾਜ਼ ਰਾਹੀਂ ਕਾਠਮੰਡੂ ਭੇਜੀ ਜਾ ਰਹੀ ਸੀ। ਉਨ੍ਹਾਂ ਨੇ ਇਸ ਰਕਮ ਨੂੰ ਭਾਰਤ ਦੇ ਬਿਹਾਰ ਸੂਬੇ ਦੇ ਫੋਰਬਸਗੰਜ ਵਿਖੇ ਜਹਾਜ਼ ਲੈਂਡ ਕਰਵਾ ਕੇ ਉਤਾਰ ਲਿਆ, ਜਿੱਥੇ ਹੋਰ ਸਾਜ਼ਿਸ਼ਕਾਰਤਾ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ।

ਇਹ ਘਟਨਾ ਪ੍ਰਸਿੱਧ ਅਦਾਕਾਰਾ ਮਾਲਾ ਸਿਨਹਾ ਨਾਲ ਵੀ। ਉਹ ਵੀ ਇਸ ਜਹਾਜ਼ ’ਚ ਸਵਾਰ ਸੀ। ਉਹ ਨੇਪਾਲ ’ਚ ਫਿਲਮ ਦੀ ਸ਼ੂਟਿੰਗ ਲਈ ਆਈ ਹੋਈ ਸੀ, ਜਿਸ ਕਰਕੇ ਇਹ ਹਾਈਜੈਕਿੰਗ ਮਾਮਲਾ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਆ ਗਿਆ। ਹਾਈਜੈਕਰਾਂ ਨੇ ਪੈਸਾ ਲੈ ਕੇ ਯਾਤਰੀਆਂ ਸਮੇਤ ਜਹਾਜ਼ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ। ਘਟਨਾ ਤੋਂ ਇੱਕ ਸਾਲ ਬਾਅਦ ਹਾਈਜੈਕਰਾਂ ਨੂੰ ਭਾਰਤ ਵਿੱਚ ਮੁੰਬਈ ਤੋਂ ਫੜ ਕੇ ਜੇਲ੍ਹ ਭੇਜ ਦਿੱਤਾ ਗਿਆ, ਪਰ 1975 ਵਿੱਚ ਐਮਰਜੈਂਸੀ ਦੌਰਾਨ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਸ ਕਹਾਣੀ ਦਾ ਸਭ ਤੋਂ ਗੁੰਝਲਦਾਰ ਪੱਖ ਇਹ ਹੈ ਕਿ ਇਨਕਲਾਬੀ ਇਤਿਹਾਸ ਰੱਖਣ ਵਾਲਾ ਵਿਅਕਤੀ ਅੱਜ ਇੱਕ ਅਜਿਹੀ ਔਰਤ ਦਾ ਪਤੀ ਹੈ ਜੋ ਨੇਪਾਲ ਵਿੱਚ ਨਿਆਂ ਦੀ ਪ੍ਰਤੀਕ ਮੰਨੀ ਜਾਂਦੀ ਹੈ। ਸੁਸ਼ੀਲਾ ਕਾਰਕੀ ਨੇ ਕਦੇ ਵੀ ਆਪਣੇ ਪਤੀ ਦੀ ਇਸ ਪਿਛੋਕੜ ਤੋਂ ਦੂਰੀ ਨਹੀਂ ਬਣਾਈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਇਹ ਕਦੇ ਨਹੀਂ ਲੁਕਾਇਆ ਕਿ ਦੁਰਗਾ ਪ੍ਰਸਾਦ ਸੁਬੇਦੀ ਉਹੀ ਵਿਅਕਤੀ ਹਨ ਜੋ ਨੇਪਾਲ ਦੇ ਇਤਿਹਾਸ ਵਿੱਚ ਪਹਿਲੀ ਜਹਾਜ਼ ਹਾਈਜੈਕਿੰਗ ਦੇ ਕੇਂਦਰ ਵਿੱਚ ਰਹੇ।
ਜਦ ਉਹਨਾਂ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਗਿਆ ਤਾਂ ਲੋਕਾਂ ਵਿੱਚ ਉਤਸ਼ਾਹ ਦੇ ਨਾਲ-ਨਾਲ ਕੁਝ ਹੌਲੀ-ਹੌਲੀ ਉਠਦੇ ਸਵਾਲ ਵੀ ਸਨ। ਕੀ ਅਜਿਹੇ ਪਿਛੋਕੜ ਵਾਲਾ ਵਿਅਕਤੀ ਕਿਸੇ ਨੈਤਿਕ ਰੁਕਾਵਟ ਦਾ ਕਾਰਨ ਤਾਂ ਨਹੀਂ ਬਣ ਸਕਦਾ ਹੈ? ਪਰ ਨੇਪਾਲੀ ਜਨਤਾ, ਖ਼ਾਸ ਕਰਕੇ ਨੌਜਵਾਨ ਵਰਗ, ਨੇ ਇਹ ਫੈਸਲਾ ਉਤਸ਼ਾਹ ਨਾਲ ਨਹੀਂ, ਸਮਝਦਾਰੀ ਨਾਲ ਲਿਆ ਹੈ। ਇਹ ਵੀ ਸਵਾਲ ਪੈਦਾ ਹੋਇਆ ਹੈ ਕਿ ਕੀ ਇੱਕ ਇਨਕਲਾਬੀ ਕਾਰਵਾਈ, ਜੋ ਲੋਕਤੰਤਰ ਲਈ ਲੜੀ ਗਈ ਸੀ, ਅੱਜ ਇੱਕ ਅਪਰਾਧ ਵਜੋਂ ਵੇਖੀ ਜਾ ਸਕਦੀ ਹੈ?

ਸੁਸ਼ੀਲਾ ਕਾਰਕੀ ਦੀ ਚੋਣ ਤੋਂ ਪਹਿਲਾਂ ਨੌਜਵਾਨ ਪ੍ਰਦਰਸ਼ਨਕਾਰੀਆਂ ਵੱਲੋਂ ਤਿੰਨ ਨਾਮ ਅੱਗੇ ਰੱਖੇ ਗਏ—ਸੁਸ਼ੀਲਾ ਕਾਰਕੀ, ਕੁਲਮਾਨ ਘਿਸਿੰਗ ਅਤੇ ਕਾਠਮੰਡੂ ਦੇ ਮੇਅਰ ਬਲੇਂਦਰ। ਕਾਰਕੀ ਨੂੰ ਨਿਰਪੱਖਤਾ, ਇਮਾਨਦਾਰੀ ਅਤੇ ਨਿਆਂਪਾਲਿਕਾ ਦੇ ਪ੍ਰਤੀ ਉਨ੍ਹਾਂ ਦੇ ਲੰਬੇ ਯੋਗਦਾਨ ਕਰਕੇ ਆਖਿਰਕਾਰ ਚੁਣ ਲਿਆ ਗਿਆ। ਉਨ੍ਹਾਂ ਦੀ ਚੋਣ ਨੇ ਇਹ ਦਰਸਾਇਆ ਕਿ ਲੋਕ ਹੁਣ ਸਿਆਸੀ ਦਲਾਂ ਦੀ ਥਾਂ ਨੈਤਿਕ ਅਤੇ ਨਿਰਪੱਖ ਲੀਡਰਸ਼ਿਪ ਦੀ ਖੋਜ ਕਰ ਰਹੇ ਹਨ।

ਪ੍ਰਧਾਨ ਮੰਤਰੀ ਬਣਨ ਦੇ ਤੁਰੰਤ ਬਾਅਦ ਸੁਸ਼ੀਲਾ ਕਾਰਕੀ ਨੇ ਭਾਰਤ ਨਾਲ ਸੰਬੰਧ ਮਜ਼ਬੂਤ ਕਰਨ ਦੀ ਇੱਛਾ ਜਤਾਈ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਮਸਕਾਰ ਭੇਜਿਆ ਹੈ। ਇਹ ਇੱਕ ਅਜਿਹਾ ਸੰਕੇਤ ਸੀ ਕਿ ਭਾਵੇਂ ਉਨ੍ਹਾਂ ਦੇ ਪਤੀ ਨੇ ਇੱਕ ਵਾਰੀ ਭਾਰਤ ਦੀ ਧਰਤੀ ’ਤੇ ਰਾਜਸ਼ਾਹੀ ਦੇ ਵਿਰੁੱਧ ਲੜਾਈ ਲਈ ਜਹਾਜ਼ ਲੈਂਡ ਕਰਵਾਇਆ ਸੀ, ਪਰ ਅੱਜ ਉਹ ਭਾਰਤ ਨਾਲ ਭਵਿੱਖ ਦੇ ਮਿੱਤਰਤਾ-ਭਰੇ ਰਿਸ਼ਤੇ ਚਾਹੁੰਦੀ ਹਨ।

ਇਹ ਘਟਨਾ ਸਿੱਖਾਉਂਦੀ ਹੈ ਕਿ ਇਤਿਹਾਸ, ਇਨਕਲਾਬ ਅਤੇ ਇਨਸਾਫ਼ ਇਕ ਦੂਜੇ ਤੋਂ ਵੱਖ ਨਹੀਂ ਹੁੰਦੇ। ਜਿਹੜੇ ਕੱਲ੍ਹ ਬਗਾਵਤੀ ਸਨ, ਅੱਜ ਨੇਤਾਵਾਂ ਦੀ ਕਤਾਰ ਵਿੱਚ ਖੜੇ ਹਨ। ਸੁਸ਼ੀਲਾ ਕਾਰਕੀ ਦੀ ਭਵਿੱਖੀ ਭੂਮਿਕਾ ਨੇਪਾਲ ਲਈ ਕੇਵਲ ਇਕ ਅੰਤਰਿਮ ਹੱਲ ਨਹੀਂ, ਸਗੋਂ ਨੈਤਿਕ ਸਿਆਸਤ ਦੀ ਇੱਕ ਨਵੀਂ ਲਕੀਰ ਬਣ ਸਕਦੀ ਹੈ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਇਤਿਹਾਸ ਵੀ ਮਾਫ਼ ਕਰਦਾ ਹੈ, ਜੇ ਨੀਅਤ ਸਾਫ਼ ਹੋਵੇ।

ਕੁਲਵੰਤ ਸਿੰਘ ਗੱਗੜਪੁਰੀ