Punjab
ਪੁਲਿਸ ਨੇ ਕਾਰ ‘ਚੋਂ ਬਰਾਮਦ ਕੀਤੇ ਨਕਲੀ ਨੋਟ
5 ਜਨਵਰੀ 2024: ਸਰਾਭਾ ਨਗਰ ਥਾਣਾ ਪੁਲਸ ਨੇ ਆਈ-2 ਕਾਰ ‘ਚੋਂ 5 ਲੱਖ 10 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਤੀਜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਸੋਹਣ ਸਿੰਘ ਵਾਸੀ ਜਗਰਾਉਂ, ਮਨਦੀਪ ਸਿੰਘ ਮੰਨੂ ਅਤੇ ਬਖਤੌਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਮੁਲਜ਼ਮ ਸੋਹਣ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਬਖਤੌਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਦੋਸ਼ੀ ਮਿਲ ਕੇ ਨਕਲੀ ਨੋਟ ਤਿਆਰ ਕਰਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਅਸਲੀ ਨੋਟ ਪ੍ਰਾਪਤ ਕਰਕੇ ਉਨ੍ਹਾਂ ਨੂੰ ਧੋਖੇ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਬਦਲੇ ‘ਚ ਦੁੱਗਣੇ ਨੋਟ ਵਾਪਸ ਕਰਨ ਦਾ ਵਾਅਦਾ ਕਰਦੇ ਹਨ। ਇਨ੍ਹਾਂ ਵਿੱਚੋਂ ਮੁਲਜ਼ਮ ਸੋਹਣ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਆਈ-20 ਕਾਰ ਵਿੱਚੋਂ 5 ਲੱਖ ਦਸ ਹਜ਼ਾਰ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ। ਉਸ ਰਕਮ ਵਿੱਚੋਂ 200-200 ਦੇ ਨੋਟਾਂ ਦੇ 16 ਬੰਡਲ ਅਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਬਰਾਮਦ ਹੋਏ ਹਨ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।