Uncategorized
20,000 ਰੁਪਏ ਦੀ ਰਿਸ਼ਵਤ ਲੈਂਦਾ ਥਾਣੇਦਾਰ ਫੜਿਆ

ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਲਾਈਵ ਹੋ ਕੇ ਥਾਣਾ ਬਾਘਾਪੁਰਾਣਾ ਅੰਦਰ ਇਕ ਥਾਣੇਦਾਰ ਕੋਲੋਂ ਕਥਿਤ ਤੌਰ ’ਤੇ ਰਿਸ਼ਵਤ ਦੀ 20 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਗਿੱਲ ਸਮਾਧ ਭਾਈ ਨੇ ਦੱਸਿਆ ਕਿ ਬਾਘਾ ਪੁਰਾਣਾ ਪੁਲਿਸ ਨੇ 31 ਅਗਸਤ ਨੂੰ ਮਨਪ੍ਰੀਤ ਸਿੰਘ ਉਰਫ਼ ਹੀਪਾ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਖ਼ਿਲਾਫ਼ 190 ਨਸ਼ੀਲੀਆਂ ਗੋਲੀਆਂ ਦਾ ਕਥਿਤ ਝੂਠਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਨੇ 20 ਹਜ਼ਾਰ ਰੁਪਏ ਵੱਢੀ ਇਹ ਕਹਿ ਕੇ ਲਈ ਕਿ ਮੁਲਜ਼ਮ ਕੋਲੋਂ ਘੱਟ ਬਰਾਮਦਗੀ ਦਿਖਾਈ ਗਈ ਹੈ ਤਾਂ ਜੋ ਅਦਾਲਤ ’ਚੋਂ ਜਲਦੀ ਜ਼ਮਾਨਤ ਮਿਲ ਸਕੇ। ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਲਗਭਗ ਛੇ ਮਹੀਨੇ ਪਹਿਲਾਂ ਵੀ ਇਸ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਦੀ ਵੱਢੀ ਲਈ ਸੀ ਅਤੇ ਹੁਣ ਵੀ ਇੱਕ ਲੱਖ ਦੀ ਵੱਢੀ ਮੰਗੀ ਗਈ ਸੀ ਪਰ ਵੱਢੀ ਨਾ ਦੇਣ ’ਤੇ ਗੋਲੀਆਂ ਦਾ ਝੂਠਾ ਪਰਚਾ ਦਰਜ ਕੀਤਾ ਗਿਆ। ਵੱਢੀ ਦੇ 20 ਹਜ਼ਾਰ ਰੁਪਏ ਅੱਜ ਥਾਣੇਦਾਰ ਜਗਨਦੀਪ ਸਿੰਘ ਕੋਲੋਂ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇਣ ਤੋਂ ਪਹਿਲਾਂ ਉਨ੍ਹਾਂ ਨੋਟਾਂ ਦੀ ਫੋਟੋਸਟੇਟ ਕਰਵਾ ਲਈ ਸੀ। ਉਨ੍ਹਾਂ ਨੇ ਐਸਐਸਪੀ ਕੋਲੋਂ ਪੁਲਿਸ ਅਫਸਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।