Punjab
ਆਰਮੀ ਭਰਤੀ ਰੈਲੀ ਦੀਆਂ ਤਿਆਰੀਆਂ ਮੁਕੰਮਲ
ਪਟਿਆਲਾ:
17 ਸਤੰਬਰ ਤੋਂ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਸ਼ੁਰੂ ਕੀਤੀ ਜਾ ਰਹੀ ਭਰਤੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਭਰਤੀ ਡਾਇਰੈਕਟਰ ਕਰਨਲ ਅਸੀਸ ਲਾਲ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਭਰਤੀ ਹੋਣ ਆਉਣ ਵਾਲੇ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ 30 ਸਤੰਬਰ ਤੱਕ ਚੱਲਣ ਵਾਲੀ ਭਰਤੀ ਰੈਲੀ ਵਿੱਚ ਛੇ ਜ਼ਿਲ੍ਹਿਆ ਦੇ 27 ਹਜ਼ਾਰ ਉਮੀਦਵਾਰ ਹਿੱਸਾ ਲੈ ਰਹੇ ਹਨ।
ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਅਸੀਸ ਲਾਲ ਨੇ ਦੱਸਿਆ ਕਿ ਭਰਤੀ ਹੋਣ ਆਏ ਉਮੀਦਵਾਰਾਂ ਦਾ ਦਾਖਲਾ ਸਵੇਰੇ 2:30 ਵਜੇ ਤੋਂ ਸਵੇਰੇ 6 ਵਜੇ ਤੱਕ ਗੇਟ ਨੰਬਰ 3 ਤੋਂ ਹੋਵੇਗਾ ਤੇ 2 ਨੰਬਰ ਗੇਟ ਤੋਂ ਬਾਹਰ ਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਲਈ ਉਮੀਦਵਾਰ ਅਗਲੇ ਦਿਨ ਗੇਟ ਨੰਬਰ 1 ਰਾਹੀਂ ਦਾਖਲ ਹੋਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਜਾ ਚੁੱਕੇ।
ਕਰਨਲ ਅਸੀਸ ਲਾਲ ਨੇ ਦੱਸਿਆ ਕਿ ਆਰਮੀ ‘ਚ ਭਰਤੀ ਕੇਵਲ ਮੈਰਿਟ ‘ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।
