Technology
ਜਲਦ ਹੀ 4G ਫੋਨਾਂ ਦੇ ਮੁੱਲ ਡਿੱਗ ਸਕਦੇ ਨੇ, 24 ਜੂਨ ਨੂੰ JIO ਕਰੇਗੀ ਵੱਡੀ ਘੋਸ਼ਣਾ
ਰਿਲਾਇੰਸ ਜੀਓ ਬਾਜ਼ਾਰ ਵਿਚ ਇਕ ਹੋਰ ਵੱਡੀ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ। ਰਿਲਾਇੰਸ ਜੀਓ 5-ਜੀ ਸਮਾਰਟ ਫੋਨ ਇਸੇ ਮਹੀਨੇ ਲਾਂਚ ਹੋ ਸਕਦਾ ਹੈ। ਇਹ ਫੋਨ ਨਾ ਸਿਰਫ ਮੌਜੂਦਾ 5-ਜੀ ਸਮਾਰਟ ਫੋਨਾਂ ਨਾਲੋਂ ਕਾਫ਼ੀ ਸਸਤਾ ਹੋਵੇਗਾ। ਸਗੋਂ ਇਸ ਦੀ ਦਸਤਕ ਨਾਲ ਬਾਜ਼ਾਰ ਵਿਚ 4-ਜੀ ਸਮਾਰਟ ਫੋਨਾਂ ਦੀਆਂ ਕੀਮਤਾਂ ਵੀ ਡਿੱਗਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਜੀਓ ਦੀ ਦਸਤਕ ਨਾਲ 4-ਜੀ ਡਾਟਾ ਸਸਤੇ ਹੋਏ ਸਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਆਪਣੀ ਸਲਾਨਾ ਜਰਲ ਮੀਟਿੰਗ 24 ਜੂਨ ਨੂੰ ਕਰਨ ਵਾਲੀ ਹੈ, ਜਿਸ ਵਿਚ ਰਿਲਾਇੰਸ ਜੀਓ ਦੇ 5-ਜੀ ਸਮਾਰਟ ਫੋਨ ਤੋਂ ਪਰਦਾ ਉੱਠ ਸਕਦਾ ਹੈ। ਉੱਥੇ ਹੀ, ਕੰਪਨੀ ਵੱਲੋਂ ਇਕ ਸਸਤਾ ਲੈਪਟਾਪ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਨਵਾਂ ਰਿਲਾਇੰਸ ਜੀਓ 5-ਜੀ ਸਮਾਰਟ ਫੋਨ ਗੂਗਲ ਦੀ ਸਾਂਝੇਦਾਰੀ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਏ. ਜੀ. ਐੱਮ. ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਘੋਸ਼ਣਾ ਕੀਤੀ ਸੀ ਕਿ ਗੂਗਲ ਨੇ 33,737 ਕਰੋੜ ਰੁਪਏ ਦੇ ਨਿਵੇਸ਼ ਨਾਲ ਉਨ੍ਹਾਂ ਦੀ ਕੰਪਨੀ ਵਿਚ 7.7 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਇਸ ਸਾਂਝੇਦਾਰੀ ਤਹਿਤ ਇਕ ਸਸਤਾ 5-ਜੀ ਸਮਾਰਟ ਫੋਨ ਵਿਕਸਤ ਕਰਨਾ ਵੀ ਸ਼ਾਮਲ ਸੀ। ਰਿਲਾਇੰਸ ਜੀਓ ਦੇ 5-ਜੀ ਸਮਾਰਟ ਫੋਨ ਵਿਚ ਜੀਓ ਓ. ਐੱਸ. ਨਾਮ ਨਾਲ ਓਪਰੇਟਿੰਗ ਸਿਸਟਮ ਹੋ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸ਼ੁਰੂ ਵਿਚ ਸਪਲਾਈ ਸੀਮਤ ਹੋ ਸਕਦੀ ਹੈ। ਉੱਥੇ ਹੀ, ਕੀਮਤ ਨੂੰ ਲੈ ਕੇ ਹਾਲੇ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਫ਼ੀ ਸਸਤੀ ਦਰ ‘ਤੇ ਲਾਂਚ ਕੀਤਾ ਜਾਵੇਗਾ।