Punjab
ਅਧਿਆਪਕ ਯੂਨੀਅਨਾਂ ਵੱਲੋਂ ਪਟਿਆਲਾ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

ਪਟਿਆਲਾ : ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ‘1558 ਐੱਚ.ਟੀ. ਸਿੱਧੀ ਭਰਤੀ ਵੇਟਿੰਗ ਅਧਿਆਪਕ ਯੂਨੀਅਨ ਪੰਜਾਬ’ ਦੇ ਸੱਦੇ ਉਤੇ ਸਥਾਨਕ ਨਹਿਰੂ ਪਾਰਕ ਪਟਿਆਲਾ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸਨ ਕੀਤਾ।
ਇਸ ਤੋਂ ਬਾਅਦ ਪਟਿਆਲਾ ਦੇ ਬਜ਼ਾਰਾਂ ‘ਚ ਰੋਸ਼ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਤੀ ਮਹਿਲ ਵੱਲ ਕੂਚ ਕੀਤਾ। ਮੋਤੀ ਮਹਿਲ ਤੋਂ ਥੋੜ੍ਹੀ ਦੂਰ ਤੇ ਹੀ ਪਟਿਆਲਾ ਪ੍ਰਸ਼ਾਸਨ ਦੇ ਭਾਰੀ ਪੁਲਿਸ ਬਲ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ। ਮੌਕੇ ਤੇ ਹਾਜ਼ਰ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੰਗ ਪੱਤਰ ਪ੍ਰਾਪਤ ਕਰਨ ਅਤੇ ਸਿੱਖਿਆ ਮੰਤਰੀ ਦੀ ਮੀਟਿੰਗ ਦਾ ਭਰੋਸਾ ਦੇਣ ਤੋਂ ਬਾਅਦ ਅਧਿਆਪਕਾਂ ਵੱਲੋਂ ਰੋਸ ਮਾਰਚ ਖ਼ਤਮ ਕਰ ਦਿੱਤਾ ਗਿਆ।
ਇਸ ਮੌਕੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਬਲਕਾਰ ਪੂਨੀਆ, ਸਤਨਾਮ ਭੰਗੂ ਅਤੇ ਗੁਰਮੀਤ ਕੌਰ ਸੰਗਰੂਰ ਨੇ ਕਿਹਾ ਕਿ ਅਸੀਂ ਪਿਛਲੇ ਦੋ ਸਾਲਾਂ ਤੋਂ 1558 ਐੱਚ. ਟੀ. ਅਤੇ 375 ਸੀ. ਐੱਚ. ਟੀ. ਅਧਿਆਪਕਾਂ ਦੀ ਭਰਤੀ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਾਂ ਪਰੰਤੂ ਸਿੱਖਿਆ ਵਿਭਾਗ ਨੇ ਇਸ ਨੂੰ ਠੰਡੇ ਬਸਤੇ ਪਾਇਆ ਹੋਇਆ ਹੈ।
ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਹ ਇਸ ਭਰਤੀ ਨੂੰ ਜਲਦ ਪੂਰਾ ਕਰਵਾਉਣ ਅਤੇ ਵੇਟਿੰਗ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਸਮੇਂ-ਸਮੇਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਮੰਗ ਪੱਤਰ ਦੇ ਚੁੱਕੇ ਹਨ ਪਰੰਤੂ ਵਿਭਾਗ ਦੇ ਕੰਨ ਤੇ ਜੂੰ ਨਹੀਂ ਸਰਕੀ, ਮਜਬੂਰਨ ਉਨ੍ਹਾਂ ਨੂੰ ਜਥੇਬੰਦਕ ਰੂਪ ਵਿੱਚ ਲਾਮਬੰਦ ਹੋ ਕੇ ਵਿਭਾਗ ਅਤੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੜਕਾਂ ਤੇ ਆਉਣਾ ਪਿਆ।
ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਰਚ 2019 ਵਿੱਚ ਇਸ਼ਤਿਹਾਰ ਜਾਰੀ ਕਰਕੇ ਸਿੱਧੀ ਭਰਤੀ ਤਹਿਤ 1558 ਐੱਚ. ਟੀ. ਅਤੇ 375 ਸੀ. ਐੱਚ. ਟੀ. ਅਧਿਆਪਕਾਂ ਦੀ ਭਰਤੀ ਸ਼ੁਰੂ ਕੀਤੀ ਗਈ ਸੀ, ਜਿਸਦੀ ਲਿਖਤੀ ਪ੍ਰੀਖਿਆ ਲੈਣ ਉਪਰੰਤ ਮੈਰਿਟ ਦੇ ਆਧਾਰ ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਭਰਤੀ ਦੇ ਅੰਤਿਮ ਗੇੜ ਵਿੱਚ ਵੱਖ ਵੱਖ ਕੈਟਾਗਰੀਆਂ ਦੇ ਲਗਭਗ 400 ਉਮੀਦਵਾਰਾਂ ਦੀ ਸਕਰੂਟਨੀ ਨਵੰਬਰ 2019 ਵਿੱਚ ਕੀਤੀ ਗਈ।
ਜੱਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਕੋਲ ਵੱਖ-ਵੱਖ ਕਾਰਨਾਂ ਕਰਕੇ ਹੁਣ ਵੀ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਪਾਈਆਂ ਹਨ, ਪਰ ਵਿਭਾਗ ਇਸ ਨੂੰ ਜਾਣਬੁੱਝ ਕੇ ਲਟਕਾ ਰਿਹਾ ਹੈ। ਇਸ ਮੌਕੇ ਜੋਗਾ ਘਨੌਰ, ਅਮਰੀਕ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਭਗਵੰਤ ਕੌਰ ਅਤੇ ਭਰਾਤਰੀ ਜਥੇਬੰਦੀ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।